ਕਤਕ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ 17 ਅਕਤੂਬਰ 2018

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੧ਓ ਸਤਿਗੁਰ ਪ੍ਰਸਾਦਿ ॥
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥ਵਿਚ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭਿ ਬਿਓਗ ॥ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

ਵਿਆਖਿਆ :

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੧ਓ ਸਤਿਗੁਰ ਪ੍ਰਸਾਦਿ ॥
ਕੱਤਕ (ਦੀ ਸੁਹਾਵਣੀ ਰੁੱਤ) ਵਿਚ (ਭੀ ਜੇ ਪ੍ਰਭੂ-ਪਤੀ ਨਾਲੋਂ ਵਿਛੋੜਾ ਰਿਹਾ ਤਾਂ ਇਹ ਆਪਣੇ) ਕੀਤੇ ਕਰਮਾਂ ਦਾ ਸਿੱਟਾ ਹੈ, ਕਿਸੇ ਹੋਰ ਦੇ ਮੱਥੇ ਕੋਈ ਦੋਸ ਨਹੀਂ ਲਾਇਆ ਜਾ ਸਕਦਾ ।ਪਰਮੇਸਰ (ਦੀ ਯਾਦ) ਤੋਂ ਖੁੰਝਿਆਂ (ਦੁਨੀਆ ਦੇ) ਸਾਰੇ ਦੁੱਖ-ਕਲੇਸ਼ ਜ਼ੋਰ ਪਾ ਲੈਂਦੇ ਹਨ ।ਜਿਨ੍ਹਾਂ ਨੇ (ਇਸ ਜਨਮ ਵਿਚ) ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ, ਉਹਨਾਂ ਨੂੰ (ਫਿਰ) ਲੰਮੇ ਵਿਛੋੜੇ ਪੈ ਜਾਂਦੇ ਹਨ ।ਜੇਹੜੀਆਂ ਮਾਇਆ ਦੀਆਂ ਮੌਜਾਂ (ਦੀ ਖ਼ਾਤਰ ਪ੍ਰਭੂ ਨੂੰ ਭੁਲਾ ਦਿੱਤਾ ਸੀ, ਉਹ ਭੀ) ਇਕ ਪਲ ਵਿਚ ਦੁਖਦਾਈ ਹੋ ਜਾਂਦੀਆਂ ਹਨ,(ਉਸ ਦੁਖੀ ਹਾਲਤ ਵਿਚ) ਕਿਸੇ ਪਾਸ ਭੀ ਨਿਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ, (ਕਿਉਂਕਿ ਦੁੱਖ ਤਾਂ ਹੈ ਵਿਛੋੜੇ ਦੇ ਕਾਰਨ, ਤੇ ਵਿਛੋੜੇ ਨੂੰ ਦੂਰ ਕਰਨ ਲਈ) ਕੋਈ ਵਿਚੋਲਾ-ਪਨ ਨਹੀਂ ਕਰ ਸਕਦਾ ।(ਦੁਖੀ ਜੀਵ ਦੀ ਆਪਣੀ) ਕੋਈ ਪੇਸ਼ ਨਹੀਂ ਜਾਂਦੀ, (ਪਿਛਲੇ ਕੀਤੇ ਕਰਮਾਂ ਅਨੁਸਾਰ) ਧੁਰੋਂ ਹੀ ਲਿਖੇ ਲੇਖਾਂ ਦੀ ਬਿਧ ਆ ਬਣਦੀ ਹੈ ।(ਹਾਂ!) ਜੇ ਚੰਗੇ ਭਾਗਾਂ ਨੂੰ ਪ੍ਰਭੂ (ਆਪ) ਆ ਮਿਲੇ, ਤਾਂ ਵਿਛੋੜੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ।(ਨਾਨਕ ਦੀ ਤਾਂ ਇਹੀ ਬੇਨਤੀ ਹੈ—) ਹੇ ਮਾਇਆ ਦੇ ਬੰਧਨਾਂ ਤੋਂ ਛੁਡਾਵਣ ਵਾਲੇ ਮੇਰੇ ਮਾਲਕ! ਨਾਨਕ ਨੂੰ (ਮਾਇਆ ਦੇ ਮੋਹ ਤੋਂ) ਬਚਾ ਲੈ ।ਕੱਤਕ (ਦੀ ਸੁਆਦਲੀ ਰੁੱਤ) ਵਿਚ ਜਿਨ੍ਹਾਂ ਨੂੰ ਸਾਧ ਸੰਗਤਿ ਮਿਲ ਜਾਏ, ਉਹਨਾਂ ਦੇ (ਵਿਛੋੜੇ ਵਾਲੇ) ਸਾਰੇ ਚਿੰਤਾ ਝੋਰੇ ਮੁੱਕ ਜਾਂਦੇ ਹਨ ।੯।

ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!