ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥ ਜਿੰਨ੍ੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥ ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥ ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹੇ ਮਾਂ! (ਭਾਦਰੋਂ ਦੇ ਘੁੰਮੇ ਤੇ ਤ੍ਰਾਟਕੇ ਲੰਘਣ ਪਿੱਛੋਂ) ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ (ਮੇਰੇ ਅੰਦਰ ਪ੍ਰਭੂ-ਪਤੀ ਦੇ) ਪਿਆਰ ਦਾ ਉਛਾਲਾ ਆ ਰਿਹਾ ਹੈ (ਮਨ ਤੜਫਦਾ ਹੈ ਕਿ) ਕਿਸੇ ਨਾ ਕਿਸੇ ਤਰ੍ਹਾਂ ਚੱਲ ਕੇ ਪ੍ਰਭੂ-ਪਤੀ ਨੂੰ ਮਿਲਾਂ । ਮੇਰੇ ਮਨ ਵਿਚ ਮੇਰੇ ਤਨ ਵਿਚ ਪ੍ਰਭੂ ਦੇ ਦਰਸਨ ਦੀ ਬੜੀ ਪਿਆਸ ਲੱਗੀ ਹੋਈ ਹੈ (ਚਿੱਤ ਲੋਚਦਾ ਹੈ ਕਿ) ਕੋਈ (ਉਸ ਪਤੀ ਨੂੰ) ਲਿਆ ਕੇ ਮੇਲ ਕਰਾ ਦੇਵੇ । (ਇਹ ਸੁਣ ਕੇ ਕਿ) ਸੰਤ ਜਨ ਪ੍ਰੇਮ ਵਧਾਣ ਵਿਚ ਸਹੈਤਾ ਕਰਿਆ ਕਰਦੇ ਹਨ, ਮੈਂ ਉਹਨਾਂ ਦੀ ਚਰਨੀਂ ਲੱਗੀ ਹਾਂ । (ਹੇ ਮਾਂ!) ਪ੍ਰਭੂ ਤੋਂ ਬਿਨਾ ਸੁਖ ਆਨੰਦ ਨਹੀਂ ਮਿਲ ਸਕਦਾ (ਕਿਉਂਕਿ ਸੁਖ-ਆਨੰਦ ਦੀ) ਹੋਰ ਕੋਈ ਥਾਂ ਹੀ ਨਹੀਂ । ਜਿਨ੍ਹਾਂ (ਵਡ-ਭਾਗੀਆਂ) ਨੇ ਪ੍ਰਭੂ-ਪਿਆਰ ਦਾ ਸੁਆਦ (ਇਕ ਵਾਰੀ) ਚੱਖ ਲਿਆ ਹੈ (ਉਹਨਾਂ ਨੂੰ ਮਾਇਆ ਦੇ ਸੁਆਦ ਭੁੱਲ ਜਾਂਦੇ ਹਨ, ਮਾਇਆ ਵੱਲੋਂ) ਉਹ ਰੱਜ ਜਾਂਦੇ ਹਨ, ਆਪਾ-ਭਾਵ ਛੱਡ ਕੇ ਉਹ ਸਦਾ ਅਰਦਾਸਾਂ ਕਰਦੇ ਰਹਿੰਦੇ ਹਨ—ਹੇ ਪ੍ਰਭੂ! ਸਾਨੂੰ ਆਪਣੇ ਲੜ ਲਾਈ ਰੱਖ । ਜਿਸ ਜੀਵ-ਇਸਤ੍ਰੀ ਨੂੰ ਪ੍ਰਭੂ ਖਸਮ ਨੇ ਆਪਣੇ ਨਾਲ ਮਿਲਾ ਲਿਆ ਹੈ, ਉਹ (ਉਸ ਮਿਲਾਪ ਵਿਚੋਂ) ਵਿੱਛੁੜ ਕੇ ਹੋਰ ਕਿਸੇ ਥਾਂ ਨਹੀਂ ਜਾਂਦੀ, (ਕਿਉਂਕਿ) ਹੇ ਨਾਨਕ (ਉਸ ਨੂੰ ਨਿਸਚਾ ਆ ਜਾਂਦਾ ਹੈ ਕਿ ਸਦੀਵੀ ਸੁਖ ਵਾਸਤੇ) ਪ੍ਰਭੂ ਦੀ ਸਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਹੈ । ਉਹ ਸਦਾ ਪ੍ਰਭੂ ਦੀ ਸਰਨ ਪਈ ਰਹਿੰਦੀ ਹੈ । ਅੱਸੂ (ਦੀ ਮਿੱਠੀ ਮਿੱਠੀ ਰੁੱਤ) ਵਿਚ ਉਹ ਜੀਵ-ਇਸਤ੍ਰੀਆਂ ਸੁਖ ਵਿਚ ਵੱਸਦੀਆਂ ਹਨ, ਜਿਨ੍ਹਾਂ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ।੮।