ਮੱਘਰ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ 16 ਨਵੰਬਰ 2018

ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥ ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥ ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥ ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥ ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥ ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥ ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥ ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥ ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥ {ਪੰਨਾ 135}

ਅਰਥ: ਮੱਘਰ (ਦੇ ਠੰਢੇ-ਮਿੱਠੇ) ਮਹੀਨੇ ਵਿਚ ਉਹ ਜੀਵ-ਇਸਤ੍ਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ-ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ। ਜਿਨ੍ਹਾਂ ਨੂੰ ਮਾਲਕ-ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ, ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ। ਸਤ-ਸੰਗੀ ਸਹੇਲੀਆਂ ਦੀ ਸੰਗਤਿ ਵਿਚ ਪ੍ਰਭੂ ਦੇ ਨਾਲ (ਚਿੱਤ ਜੋੜ ਕੇ) ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖਿੜਿਆ ਰਹਿੰਦਾ ਹੈ।

ਪਰ ਜੇਹੜੀਆਂ ਜੀਵ-ਇਸਤ੍ਰੀਆਂ ਸਤਸੰਗੀਆਂ (ਦੀ ਸੰਗਤਿ) ਤੋਂ ਵਾਂਜੀਆਂ ਰਹਿੰਦੀਆਂ ਹਨ, ਉਹ ਇਕੱਲੀਆਂ (ਛੁੱਟੜ) ਹੀ ਰਹਿੰਦੀਆਂ ਹਨ (ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈਲੀ ਵਿਚ ਨਿਖਸਮਾ ਰਹਿੰਦਾ ਹੈ। ਇਕੱਲੀ ਨਿਖਸਮੀ ਜਿੰਦ ਨੂੰ ਵੇਖ ਕੇ ਕਾਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ, ਤੇ) ਉਹਨਾਂ ਦਾ (ਵਿਕਾਰਾਂ ਤੋਂ ਉਪਜਿਆ) ਦੁੱਖ ਕਦੇ ਲਹਿੰਦਾ ਨਹੀਂ, ਉਹ ਜਮਾਂ ਦੇ ਵੱਸ ਪਈਆਂ ਰਹਿੰਦੀਆਂ ਹਨ।

ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪਤੀ-ਪ੍ਰਭੂ ਦਾ ਸਾਥ ਮਾਣਿਆ ਹੈ, ਉਹ (ਵਿਕਾਰਾਂ ਦੇ ਹੱਲੇ ਵਲੋਂ) ਸਦਾ ਸੁਚੇਤ ਦਿੱਸਦੀਆਂ ਹਨ (ਵਿਕਾਰ ਉਹਨਾਂ ਉਤੇ ਚੋਟ ਨਹੀਂ ਕਰ ਸਕਦੇ, ਕਿਉਂਕਿ) ਪਰਮਾਤਮਾ ਦੇ ਗੁਣਾਨੁਵਾਦ ਉਹਨਾਂ ਦੇ ਹਿਰਦੇ ਵਿਚ ਪ੍ਰੋਤੇ ਰਹਿੰਦੇ ਹਨ, ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਗਲ ਵਿਚ ਪਾਇਆ ਹੁੰਦਾ ਹੈ।

ਨਾਨਕ ਉਹਨਾਂ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਦੇ ਦਰ ਤੇ ਪਏ ਰਹਿੰਦੇ ਹਨ ਜੋ ਪ੍ਰਭੂ ਦੀ ਸਰਨ ਵਿਚ ਰਹਿੰਦੇ ਹਨ। ਮੱਘਰ ਵਿਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੁੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ।10।