ਜੇਠ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ (14 ਮਈ 2018)

ਅੱਜ ਜੇਠ ਮਹੀਨੇ ਦੀ ਸੰਗਰਾਂਦ ਹੈ ਜੀ ॥
੦੧ ਜੇਠ (ਸੰਮਤ ੫੫੦ ਨਾਨਕਸ਼ਾਹੀ) 14-May-2018
ਅੰਗ – ੧੩੪ (134)
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥ ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥ ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥

ਅਰਥ: ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ। ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ) । (ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤਿ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ। ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ। (ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ। (ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ? ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ।4।

ਹਰਰੋਜ਼ ਕੀਰਤਨ ਸਰਵਣ ਕਰਨ ਲਈ ਪੇਜ ਨੂੰ ਲਾਈਕ ਤੇ ਸੇਅਰ ਜਰੂਰ ਕਰੋ https://www.facebook.com/angithasahib/

ਹਰ ਰੋਜ ਹੁਕਮਨਾਮਾ ਸਾਹਿਬ ਦੀ ਸੇਵਾ ਲਈ ਇਸ ਨੰਬਰ ਤੇ ਮੈਸਜ ਕਰੋ 94782-51026