ਮਾਘ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥ ਕਾਮਿ ਕਰੋਧਿ ਨ ਮੋਹਿਐ ਬਿਨਸੈ ਲੋਭੁ ਸੁਆਨੁ ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਮਾਘ ਵਿਚ (ਮਾਘੀ ਵਾਲੇ ਦਿਨ ਲੋਕ ਪ੍ਰਯਾਗ ਆਦਿਕ ਤੀਰਥਾਂ ਤੇ ਇਸ਼ਨਾਨ ਕਰਨਾ ਬੜਾ ਪੁੰਨ ਸਮਝਦੇ ਹਨ, ਪਰ ਤੂੰ ਹੇ ਭਾਈ!) ਗੁਰਮੁਖਾਂ ਦੀ ਸੰਗਤਿ ਵਿਚ (ਬੈਠ, ਇਹੀ ਹੈ ਤੀਰਥਾਂ ਦਾ) ਇਸ਼ਨਾਨ, ਉਹਨਾਂ ਦੀ ਚਰਨ ਧੂੜ ਵਿਚ ਇਸ਼ਨਾਨ ਕਰ (ਨਿਮ੍ਰਤਾ-ਭਾਵ ਨਾਲ ਗੁਰਮੁਖਾਂ ਦੀ ਸੰਗਤਿ ਕਰ, ਉਥੇ) ਪਰਮਾਤਮਾ ਦਾ ਨਾਮ ਜਪ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ, ਹੋਰ ਸਭਨਾਂ ਨੂੰ ਇਹ ਨਾਮ ਦੀ ਦਾਤਿ ਵੰਡ, (ਇਸ ਤਰ੍ਹਾਂ) ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ ਦੀ ਮੈਲ (ਤੇਰੇ ਮਨ ਤੋਂ) ਲਹਿ ਜਾਇਗੀ, ਤੇਰੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਇਗਾ । (ਸਿਮਰਨ ਦੀ ਬਰਕਤਿ ਨਾਲ) ਕਾਮ ਵਿਚ ਕ੍ਰੋਧ ਵਿਚ ਨਹੀਂ ਫਸੀਦਾ, ਲੋਭ-ਕੁੱਤਾ ਭੀ ਮੁੱਕ ਜਾਂਦਾ ਹੈ (ਲੋਭ, ਜਿਸ ਦੇ ਅਸਰ ਹੇਠ ਮਨੁੱਖ ਕੁੱਤੇ ਵਾਂਗ ਦਰ ਦਰ ਤੇ ਭਟਕਦਾ ਹੈ) । ਇਸ ਸੱਚੇ ਰਸਤੇ ਉੱਤੇ ਤੁਰਿਆਂ ਜਗਤ ਦੀ ਸੋਭਾ ਕਰਦਾ ਹੈ । ਅਠਾਹਠ ਤੀਰਥਾਂ ਦਾ ਇਸ਼ਨਾਨ, ਸਾਰੇ ਪੁੰਨ ਕਰਮ, ਜੀਵਾਂ ਉੱਤੇ ਦਇਆ ਕਰਨੀ ਜੋ ਧਾਰਮਿਕ ਕੰਮ ਮੰਨੀ ਗਈ ਹੈ (ਇਹ ਸਭ ਕੁਝ ਸਿਮਰਨ ਦੇ ਵਿਚ ਹੀ ਆ ਜਾਂਦਾ ਹੈ) । ਪਰਮਾਤਮਾ ਕਿਰਪਾ ਕਰ ਕੇ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ, ਉਹ ਮਨੁੱਖ (ਜ਼ਿੰਦਗੀ ਦੇ ਸਹੀ ਰਸਤੇ ਦੀ ਪਛਾਣ ਵਾਲਾ) ਸਿਆਣਾ ਹੋ ਜਾਂਦਾ ਹੈ । ਹੇ ਨਾਨਕ! (ਆਖ—) ਜਿਨ੍ਹਾਂ ਨੂੰ ਪਿਆਰਾ ਪ੍ਰਭੂ ਮਿਲ ਪਿਆ ਹੈ, ਮੈਂ ਉਹਨਾਂ ਤੋਂ ਸਦਕੇ ਹਾਂ । ਮਾਘ ਮਹੀਨੇ ਵਿਚ ਸਿਰਫ਼ ਉਹੀ ਸੁੱਚੇ ਬੰਦੇ ਆਖੇ ਜਾਂਦੇ ਹਨ, ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਦਇਆਵਾਨ ਹੁੰਦਾ ਹੈ (ਤੇ ਜਿਨ੍ਹਾਂ ਨੂੰ ਸਿਮਰਨ ਦੀ ਦਾਤਿ ਦੇਂਦਾ ਹੈ) ।੧੨।