ਗੁਰੂ ਅਰਜਨ ਦੇਵ ਜੀ ਚੌਥੇ ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ, ਆਪ ਜੀ ਦਾ ਪ੍ਰਕਾਸ਼ ੧੫ ਅਪ੍ਰੈਲ, ੧੫੬੩ ਈਸਵੀ, ਵਿਚ ਮਾਤਾ ਭਾਨੀ ਜੀ ਦੀ ਕੁਖੋਂ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਗੋਇੰਦਵਾਲ ਵਿਖੇ ਹੋਇਆ।

ਗੁਰੂ ਅਰਜਨ ਸਾਹਿਬ ਦਾ ਬਚਪਨ, ਗੁਰੂ ਅਤੇ ਸੰਗਤਾਂ ਵਿਚ ਵਿਚਰਿਆ। ਜਿਸ ਸਦਕਾ ਸੇਵਾ, ਸਿਮਰਨ, ਸਿਆਣਪ, ਸਤਿਕਾਰ, ਨੇਮ ਅਤੇ ਪ੍ਰੇਮ, ਉਪਕਾਰਤਾ, ਨਿਮਰਤਾ, ਸ਼ਾਤ ਸੁਭਾਉ ਵਰਗੇ ਸ਼ੁਭ ਗੁਣ ਵਿਰਸੇ ਵਿਚ ਹੀ ਪ੍ਰਾਪਤ ਹੋਏ। ਗੁਰਬਾਣੀ ਦੀ ਡੂੰਘਾਈ ਨੂੰ ਅਤੇ ਕਾਵਿ ਸੈਲੀ ਤੋਂ ਪ੍ਰਭਾਵਿਤ ਹੋ ਕੇ ਜਿੱਥੇ ਗੁਰੂ ਅਮਰਦਾਸ ਪਾਤਿਸ਼ਾਹ ਨੇ ਕਿਹਾ ” ਦੋਹਿਤਾ ਬਾਣੀ ਕਾ ਬੋਹਿਥਾ ” ਉਥੇ ਭੱਟਾਂ ਨੇ ਬਾਣੀ ਵਿਚ ਉਪਮਾਂ ਲਿਖਦੇ ਕਿਹਾ “ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ” ਭਾਵ ਕਿ ਹੇ ਗੁਰੂ ਅਰਜਨ ਜੀ ਤੁਸੀਂ ਬਚਪਨ ਤੋਂ ਹੀ ਬ੍ਰਹਮ ਸਰੂਪ ਪਰਮਾਤਮਾਂ ਦੀ ਪਛਾਣ ਕਰ ਲਈ ਹੈ।

ਪੰਜਵੇਂ ਪਾਤਸ਼ਾਹ ਜੀ ਨੇ ਜਿੱਥੇ ਲਾਹੌਰ ਦੇ ਵਿਚ ਪਏ ਕਾਲ ਸਮੇਂ ਲੋੜਵੰਦਾਂ ਦੀ ਬਿਨਾਂ ਵਿਤਕਰੇ ਸੇਵਾ ਕਰਕੇ ਆਪਾ ਪਰਕਾ ਦੀ ਭਾਵਨਾਂ ਨੂੰ ਦੂਰ ਕੀਤਾ, ਉਥੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾਂ ਕਰਕੇ ਊਚ ਨੀਚ ਦੀ ਭਾਵਨਾਂ ਅਤੇ ਧਰਮ ਨਿਰਪੱਖ ਦੇ ਦ੍ਰਿਸ਼ਟਾਂਤ ਨੂੰ ਸਾਕਾਰ ਕੀਤਾ, ਕਈ ਖੂਹਾਂ ਬਾਉਲੀਂਆਂ ਦਾ ਵੀ ਨਿਰਮਾਣ ਕਰਵਾਇਆ।

ਸਿੱਖ ਧਰਮ ਵਿਚ ਗੁਰੂ ਜੀ ਨੇ ਸਿੱਖਾਂ ਨੂੰ ਨਿਰਡਰਤਾ,ਹੱਕ ਸੱਚ ਲਈ ਮਰਮਿਟਣ ਅਤੇ ਸਖੀ ਸਰਵਰ ਤੇ ਬੁੱਤ ਪੂਜਾ ਤੋਂ ਪੂਰਨ ਰੂਪ ਵਿਚ ਰੋਕਿਆ। ਧਰਮ ਦੇ ਪ੍ਰਚਾਰ ਲਈ ਦੂਰ ਦਰਾਡੇ ਪ੍ਰਚਾਰ ਸੈਂਟਰ ਖੋਲੇ ਗਏ।
ਸਿੱਖੀ ਦਾ ਵੱਧਦਾ ਪ੍ਰਚਾਰ ਪ੍ਰਸਾਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੀ ਅਸਲ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਦੋ ਮੁੱਖ ਕਾਰਣ ਹਨ ,ਕਿਉਂਕਿ ਉਸ ਸਮੇਂ ਦਾ ਹਾਕਮ , ਜਹਾਂਗੀਰ ਕੱਟੜ ਮੁਸਲਮਾਨ ਬਾਦਸ਼ਾਹ ਸੀ, ਜਿਸ ਦੇ ਇਰਦ ਗਿਰਦ ਫਿਰਕੂ ਮੌਲਾਣਿਆਂ ਦਾ ਬੜਾ ਦਬਦਬਾ ਸੀ ਜੋ ਸਿੱਖ ਧਰਮ ਤੋਂ ਈਰਖਾ ਕਰਦੇ ਸਨ, ਅਤੇ ਗੁਰੂ ਸਾਹਿਬ ਨੂੰ ਰਸਤੇ ਤੋਂ ਪਰਾ ਹਟਾਉਣਾਂ ਚਾਹੁੰਦੇ ਸਨ। ਜਹਾਂਗੀਰ ਕਿਸੇ ਮੌਕੇ ਦੀ ਤਲਾਸ਼ ਵਿਚ ਸੀ, ਇਨੀ ਦਿਨੀ ਜਹਾਂਗੀਰ ਦੇ ਪੁੱਤਰ ਖ਼ੁਸ਼ਰੋ ਨੇ ਬਗਾਵਤ ਕੀਤੀ ਅਤੇ ਉਹ ਲਾਹੌਰ ਵੱਲ ਨੂੰ ਆਪਣੀਆਂ ਫੌਜਾਂ ਲੈ ਕੇ ਰਵਾਨਾ ਹੋਇਆ ,ਬਿਆਸ ਤੋਂ ਲੰਘਦਿਆਂ, ਸੰਭਵ ਹੈ ਕਿ ਉਹ ਗੁਰੂ ਅਰਜਨ ਦੇਵ ਜੀ ਮਿਲਣ ਵਾਸਤੇ ਗੋਇੰਦਵਾਲ ਗਿਆ ਹੋਵੇ। ਪਿਛੋਂ ਜਦ ਜਹਾਂਗੀਰ ਨੇ ਖ਼ੁਸ਼ਰੋ ਨੂੰ ਗ੍ਰਿਫ਼ਤਾਰ ਕੀਤਾ ਤਾਂ ਉਸ ਨੇ ਉਸ ਹਰ ਸ਼ਖਸ਼, ਜਿਸ ਨੁੰ ਖ਼ੁਸ਼ਰੋ ਨਾਲ ਮਿਲ ਵਰਤੋਂ ਕੀਤੀ ਸੀ, ਨੂੰ ਗ੍ਰਿਫ਼ਤਾਰ ਕਰਨ ਦੇ ਹੁੱਕਮ ਜਾਰੀ ਕੀਤੇ।

ਇਸੇ ਹੁੱਕਮ ਤਹਿਤ ੨੫ ਮਈ ਨੂੰ ਗੁਰੂ ਅਰਜਨ ਦੇਵ ਜੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਚੰਦੂ ਵਰਗੇ ਚੁਗਲਖੋਰਾ ਅਤੇ ਬ੍ਰਹਮਣਾਂ ਨੇ ਜੋ ਗੁਰੂ ਜੀ ਨਾਲ ਈਰਖਾ ਕਰਦੇ ਸਨ, ਝੂਠੇ ਇਲਜਾਮ ਲਗਾ ਕੇ ਮੁਕੱਦਮਾ ਚਲਵਾ ਦਿੱਤਾ ੨੫ ਮਈ ਨੂੰ ਹੀ ਗੁਰੂ ਜੀ ਨੇ ਹਰਿਗੋਬਿੰਦ ਜੀ ਨੂੰ ਮੀਰੀ ਪੀਰੀ ਦੇ ਮਿਸ਼ਨ ਤਹਿਤ ਗੁਰਗੱਦੀ ਦੀ ਸੇਵਾ ਸੰਭਾਲ ਦਿੱਤੀ। ੨੭ ਮਈ ਗੁਰੂ ਜੀ ਨੂੰ ਤਸੀਹੇ ਦੇ ਕੇ ਮਾਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ। ਸਤਿਗੁਰੂ ਜੀ ਨੂੰ ਉਬਲਦੇ ਪਾਣੀ ਵਿਚ ਅਤੇ ਫਿਰ ਤੱਤੀ ਤਵੀ ਉੱਪਰ ਬੈਠਾ ਕੇ, ਸਿਰ ਵਿਚ ਗਰਮ ਰੇਤ ਪਾ ਕੇ ਤਸੀਹੇ ਦਿੱਤੇ ਜਾਂਦੇ ਰਹੇ, ਬਾਰ ਬਾਰ ਗੁਰੂ ਜੀ ਨੂੰ ਧਰਮ ਪਰਿਵਰਤਨ ਕਰਨ ਲਈ ਕਿਹਾ ਗਿਆ, ਪਰ ਗੁਰੂ ਜੀ ਨਾ ਮੰਨੇ ਅਤੇ ਇਨਸਾਨੀਅਤ ਦੇ ਲਈ ਕਸ਼ਟ ਸਹਿੰਦੇ ਰਹੇ।

ਇਹ ਦੁੱਖ ਦੇਖ ਕੇ ਸਾਈਂ ਮੀਆਂ ਮੀਰ ਕੋਲੋਂ ਨ ਰਿਹਾ ਗਿਆ,ਗੁੱਸੇ ਵਿਚ ਆ ਕੇ ਕਹਿਣ ਲੱਗਾ, ਗੁਰੂ ਜੀ ਇਹਨਾਂ ਜ਼ਾਲਮਾਂ ਨੇ ਤੁਹਾਨੂੰ ਅੱਗ ਵਿਚ ਤਪਾ ਛੱਡਿਆ ਹੈ, ਤੁਹਾਡਾ ਸਰੀਰ ਦਾ ਚਮ ਝੁਲਸ ਰਿਹਾ ਹੈ , ਜੇਕਰ ਹੁਕਮ ਹੋਵੇ ਤਾਂ ਮੈਂ ਲਾਹੌਰ ਅਤੇ ਦਿੱਲੀ ਦਰਬਾਰ ਦੀ ਇੱਟ ਨਾਲ ਇੱਟ ਖੜਕਾ ਦਿਆਂ ? ਗੁਰੂ ਜੀ ਨੇ ਕਿਸੇ ਵੀ ਕਰਾਮਾਤ ਨੂੰ ਦਿਖਾਉਣ ਤੋਂ ਅਤੇ ਕਿਸੇ ਵੀ ਦਰਬਾਰ ਵਿਚ ਪਹੁੰਚ ਕਰਨ ਤੋਂ ਇਨਕਾਰ ਕਰ ਦਿੱਤਾ, ਸਾਈਂ ਜੀ ਨੂੰ ਗੁਰੂ ਜੀ ਦੇ ਦਿੱਤੇ ਜਵਾਬ ਨੂੰ ਕਿਸੇ ਕਵੀ ਨੇ ਖੂਬ ਕਲਮਬੱਧ ਕੀਤਾ ਹੈ,

ਮੀਆਂ ਛੋਡੋ ਯਾਰੀ ਚਾਮ ਸੇ, ਕਿਆ ਹੂਆ ਤਨ ਤਪ ਰਹਾ ਹੈ, ਹਮ ਸਾਂਤ ਹੈ ਹਰੀ ਨਾਮ ਸੇ।
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ, ਇਹਨਾਂ ਦੀ ਮੌਤ ਵੀ ਕੌਮ ਦੀ ਜ਼ਿਦਗੀ ਬਣਦੀ ਹੈ,
ਇੱਕ ਕਵੀ ਹੋਰ ਲਿਖਦਾ ਹੈ: ਸ਼ਹੀਦ ਕੀ ਜੋ ਮੌਤ ਹੈ,ਵੋ ਕੌਮ ਕੀ ਹਯਾਤ(ਜ਼ਿਦਗੀ) ਹੈ ,

ਵੋ ਹਯਾਤ ਤੋ ਹਯਾਤ ਹੈ, ਵੋ ਮੌਤ ਵੀ ਹਯਾਤ ਹੈ।

ਗੁਰੂ ਜੀ ਦਾ ਮਨ ਬੜਾ ਵਿਸ਼ਾਲ ਸੀ ਤੇ ਧੀਰਜ ਵਾਲਾ ਸੀ, ਸਰੀਰ ਭਾਵੇਂ ਤੁੰਬਾ ਤੁੰਬਾ ਹੋ ਚੁੱਕਾ ਸੀ, ਪਰ ਅਕਾਲ ਪੁਰਖ ਦੇ ਇਸ ਭਾਣੇ ਤੇ ਕੋਈ ਸ਼ਿਕਵਾ ਨਹੀਂ ਸੀ।ਸੰਸਾਰ ਨੂੰ ਸਿਖਿਆ ਦਿੰਦਿਆਂ ਉਹਨਾਂ ਸਮਝਾਇਆ ਕਿ ਦੁਖ ਤੇ ਸੁਖ, ਜੀਵਨ ਦੇ ਦੋ (ਕਪੜ ਰੂਪ) ਪਹਿਲੂ ਹਨ ,ਜਿਸ ਨੂੰ, ਮਨੁੱਖ ਨੂੰ ਪਾਉਣ ਲਈ ਹਮੇਂਸਾਂ ਤਿਆਰ ਰਹਿਣਾ ਚਾਹੀਦਾ ਹੈ, ਸਦੀਵੀ ਸੁੱਖ ਦੀ ਹੀ ਤਾਂਘ ਨਹੀਂ ਰੱਖਣੀ ਚਾਹੀਦੀ , ਪਰਮੇਸ਼ਰ ਦੀ ਰਜ਼ਾ ਤੇ ਕੋਈ ਸ਼ਿਕਵਾ ਨਹੀਂ ਕਰਣਾ ਚਾਹੀਦਾ :

ਨਾਨਕ ਬੋਲਣੁ ਝਖਣਾ,ਦੁਖ ਛਡਿ ਮੰਗੀਅਹਿ ਸੁਖ ॥
ਸੁਖੁ ਦੁਖੁ ਦੁਇ ਦਰਿ ਕਪੜੇ, ਪਹਿਰਹਿ ਜਾਇ ਮਨੁਖ ॥

ਇੰਝ ਲਗਦਾ ਸੀ ਕਿ ਤੱਤੀ ਤਵੀ ਤੇ ਬੈਠ ਕੇ ਵੀ ‘ਸ਼ਾਤੀ ਦੇ ਪੁੰਜ’ ਦੇ ਮੁਖੋਂ ਇਹ ਬੋਲ ਗੂੰਜ ਰਹੇ ਸਨ ;

ਤੇਰਾ ਕੀਆ ਮੀਠਾ ਲਾਗੈ, ਹਰਿ ਨਾਮੁ ਪਦਾਰਥੁ ਨਾਨਕ ਮਾਗੈ॥

ਅੰਤ ਕਈ ਦਿਨਾਂ ਦੇ ਕਠੋਰ ਤਸੀਹਿਆਂ ਤੋਂ ਬਾਅਦ, ਗੁਰੂ ਜੀ ਦੇ ਸਰੀਰ ਨਾਲ ਪੱਥਰ ਬੰਨ ਕੇ ਉਹਨ੍ਹਾਂ ਨੂੰ ਰਾਵੀ ਵਿਚ ਰੋੜ ਦਿੱਤਾ ਗਿਆ।  ਗੁਰੂ ਅਰਜਨ ਦੇਵ ਜੀ ਜੋਤੀ ਜੋਤ ਸਮਾ ਗਏ।
ਇਸ ਤਰਾਂ ਸਿਖ ਧਰਮ ਦਾ ਮਹਾਨ ਸੂਰਜ ਜੱਗ ਨੂੰ ਸ਼ਾਂਤੀ ,ਸਦਭਾਵਨਾ, ਨਿਰਮਲਤਾ, ਠੰਡਤਾ, ਪ੍ਰੇਮ, ਪਰਉਪਕਾਰਤਾ, ਸ਼ਹਾਦਤ ਦੇ ਸ਼ੁੱਭ ਗੁਣ ਸਿਖਾਂਉਦਾ ਸਰੀਰ ਕਰਕੇ ਭਾਵੇਂ ਅਸਤ ਹੋ ਗਿਆ, ਪਰ ਜੋਤ ਕਰਕੇ ਸਦਾ ਲਈ ਅਮਰ ਹੋ ਗਿਆ।