ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਇਤਿਹਾਸ

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਇਤਿਹਾਸ (HISTORY OF BABA AJIT SINGH JI )

ਸਾਹਿਬਜਾਦਾ ਅਜੀਤ ਸਿੰਘ ਜੀ, ਦਸਮੇਸ਼ ਪਿਤਾ “ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ” ਦੇ ਸਭ ਤੋਂ ਵੱਡੇ ਸਪੁੱਤਰ ਸਨ ! ਆਪ ਜੀ ਦਾ ਜਨਮ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ।
ਆਪ ਜੀ ਦੀ ਸ਼ਸਤਰ ਵਿਦਿਆ ਦੀ ਸਿਖਲਾਈ ਅਤੇ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ।
ਘੋੜ ਸਵਾਰੀ, ਸ਼ਸਤਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਬਹੁਤ ਨਿਪੁੰਨ ਸਨ ।

ਸਾਹਿਬਜ਼ਾਦਾ ਜੀ ਆਪਣੇ ਜੀਵਨ ਕਾਲ ਦੇ ਆਰੰਭ ਤੋਂ ਹੀ ਸਿਖੀ-ਸਿਦਕ ਵਿੱਚ ਨਿਪੁੰਨ ” ਸ਼੍ਰੀ ਗੁਰੂ ਅਰਜਨ ਸਾਹਿਬ ਜੀ” ਅਤੇ “ਗੁਰੂ ਤੇਗ ਬਹਾਦੁਰ ਸਾਹਿਬ ਜੀ” ਦੇ ਜੀਵਨ ਕਿੱਸੇ ਸੁਣ-ਸੁਣ ਕੇ ਵੱਡੇ ਹੋਏ ਸਨ ਸੋ ਆਪ ਜੀ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਈ ਜੰਗਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ !

ਆਪ ਜੀ ਦੁਆਰਾ ਲੜ੍ਹੀਆਂ ਗਈਆਂ ਜੰਗਾਂ ਦਾ ਵੇਰਵਾ:

ਨੂਹ ਰੰਘੜ ਦੀ ਜੰਗ:-

ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ, ਸੰਗਤ ਦੇ ਇੱਕ ਟੋਲੇ ਨੂੰ ਪੋਠੋਹਾਰ ਵਿੱਖੇ, ਨੂਹ ਰੰਘੜ ਨੇ ਆਣ ਲੁੱਟਿਆ ! ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ (੧੨ ਸਾਲ ਦੀ ਓੁਮਰ ਵਿੱਚ) ਉਸ ਕੂਕਰ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ ! ਸਾਹਿਬਜ਼ਾਦਾ ਅਜੀਤ ਸਿੰਘ ਜੀ ੧੦੦ ਸਿੰਘਾਂ ਦੇ ਜੱਥੇ ਸਮੇਤ ਰਵਾਨਾ ਹੋਏ ਅਤੇ ਜਿੱਤ ਹਾਸਿਲ ਕਰ ਕੇ ਪਰਤੇ !

ਤਾਰਾਗੜ, ਨਿਰਮੋਹਗੜ ਦੀ ਜੰਗ:-

ਆਨੰਦਪੁਰ ਸਾਹਿਬ ਦੇ ਹਮਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ ਅਤੇ ਨਿਰਮੋਹਗੜ ਦੇ ਕਿਲੇ ਦੀ ਜ਼ਿੰਮੇਦਾਰੀ ਸੌੰਪੀ ਗਈ ! ਆਪ ਜੀ ਨੇ ਸੂਰਬੀਰਤਾ ਨਾਲ ਮੁਕਾਬਲਾ ਕਰਦੇ ਹੋਏ ਜਿੱਤ ਹਾਸਿਲ ਕੀਤੀ ਅਤੇ ਮੁਘਲਾਂ ਦੀਆਂ ਫੌਜਾਂ ਨੂੰ ਮਾਰ ਭਜਾਇਆ ! ਇਹ ਵਾਰਤਾ ੧੭੦੦ ਦੀ ਹੈ !

ਸਾਕਾ ਚਮਕੌਰ ਸਾਹਿਬ :-

੧੭੦੫ ਵਿੱਚ ਮੁਘਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ ! ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਾਇਦਾ, (Promise) ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ! ਗੁਰੂ ਸਾਹਿਬ ਨੇ ਉਸ ਉੱਤੇ ਯਕੀਨ ਕਰਦੇ ਹੋਏ ਅਤੇ ਸਭ ਸੰਗਤ, ਜੱਥੇ ਦੇ ਜੋਰ ਪਾਉਣ ਤੇ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ! ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੌਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ !
ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ ( ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ !

ਇਸ ਉਪਰੰਤ ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ !

” ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ !! ੧ !!

ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ ਜੀ !!