ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 5 ਵੈਸਾਖ ਸੰਤ 1678, ਚੰਦ ਦੇ ਹਿਸਾਬ ਨਾਲ ਵੈਸਾਖ ਸੁਦੀ 5, 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਜਿਥੇ ਅੱਜ ਗੁਰਦੁਆਰਾ ਗੁਰੂ ਕੇ ਮਹਲ ਸਥਿਤ ਹੈ ਵਿਖੇ ਹੋਇਆ । ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ । ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ ।
ਅਠਵੇਂ ਪਤਾਸ਼ਾਹ ਗੁਰੂ ਹਰਿਕ੍ਰਿਸਨ ਸਾਹਿਬ ਜੀ ਦਿਲੀ ਵਿਖੇ 3 ਵੈਸਾਖ (ਚੇਤਰ ਸੁਦੀ 14) ਸੰਮਤ 1721 (ਮੁਤਾਬਿਕ 30 ਮਾਰਚ, ਸੰਨ 1664) ਨੂੰ ਜੋਤੀ ਜੋਤ ਸਮਾਉਣ ਲੱਗਿਆਂ ਸੰਗਤ ਨੂੰ ਹਦਾਇਤ ਕਰ ਗਏ ਕਿ ‘ਬਾਬਾ ਵਸੇ ਗ੍ਰਾਮ ਬਕਾਲੇ’ । ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਿਹਾ ਗਿਆ ਸੀ । ਉਸ ਸਮੇਂ ਤੱਕ ਗੁਰੂ ਸਾਹਿਬਾਨ ਪ੍ਰਤੀ ਬਾਬਾ ਲਫਜ਼ ਆਮ ਵਰਤਿਆ ਜਾਣ ਲੱਗਾ ਪਿਆ ਸੀ । (ਹਵਾਲਾ ਪ੍ਰੋ. ਸਾਹਿਬ ਸਾਹਿਬ ਸਿੰਘ ਲਿਖਤ ਜੀਵਨ ਬ੍ਰਿਤਾਂਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’) ਭਾਈ ਗੁਰਦਾਸ ਜੀ ਵੱਲੋਂ ਵੀ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਸਾਹਿਬ ਮਾਹਰਾਜ ਲਈ ਸ਼ਬਦ ਬਾਬਾ ਵਰਤਿਆ ਗਿਆ ਸੀ । ਬੇਸ਼ੱਕ ਅੱਜ ਕੁੱਝ ਲੋਕ ਇਤਾਰਜ਼ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਸਿਰਫ ‘ਬਾਬਾ ਨਾਨਕ’ ਸੰਬੋਧਨ ਕਰਕੇ ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਠੇਸ ਪਹੁੰਚਾ ਰਹੇ ਹਨ, ਜੋ ਕਿ ਨਿਰਮੂਲ ਹੈ ।
ਭਾਈ ਮੱਖਣ ਸ਼ਾਹ ਲੁਭਾਣਾ ਵੱਲੋਂ ਲੱਗੀਆਂ 22 ਨਕਲੀ ਮੰਜੀਆਂ ਵਿੱਚੋਂ ਆਪਣੇ ਸੱਚੇ ਪ੍ਰੀਤਮ ਨੂੰ ਲੱਭਣਾ ਅਤੇ ‘ਗੁਰੂ ਲਾਧੋ ਰੇ’ ਦਾ ਨਾਅਰਾ ਮਾਰਨ ਵਾਲੀ ਸਾਖੀ ਤੋਂ ਸਾਰਾ ਸਿੱਖ ਜਗਤ ਵਾਕਿਬ ਹੈ, ਉਹ ਗੱਲ ਵੱਖਰੀ ਹੈ ਕਿ ਅੱਜ ਦਾ ਸਿੱਖ ਸ਼ਰਧਾਲੂ ਪ੍ਰਤੱਖ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਵੇਖ ਕੇ ਵੀ ਕੋਲ ਡੱਠੀ ਇੱਕ ਨਕਲੀ ਮੰਜੀ ਤੇ ਰੱਖੇ ਬਚਿੱਤਰ ਨਾਟਕ ਨੂੰ ਵੀ ਬਰਾਬਰ ਮਾਨਤਾ ਦੇਈ ਜਾਣ ਤੇ ਚੁੱਪ ਕਰਕੇ ਬੈਠਾ “ਮੈਨੂੰ ਕੀ?” ਵਾਲੀ ਵਿਚਾਰਧਾਰਾ ਦਾ ਧਾਰਨੀ ਬੱਣ ਗਿਆ ਹੈ । ਅਤੇ ਪ੍ਰਤੱਖ ਗੁਰੂ ਹੁੰਦਾ ਹੋਇਆ ਵੀ ਦੁੱਚਿਤੀ ਵਿੱਚ ਤੁਰਿਆ ਫਿਰਦਾ ਹੈ । ਖੈਰ! ਆਪਣੇ ਵਿਸ਼ੇ ਵੱਲ ਆਈਏ ।
ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦੇਣ ਲਈ ਅਤੇ ਇਕ ਨਵੀਂ ਨਿਰੋਈ ਜੀਵਣ ਜਾਂਚ ਜਿਸਦਾ ਮੁੱਢ ਬਾਬਾ ਨਾਨਕ ਜੀ ਰੱਖ ਕੇ ਗਏ ਸਨ ਨੂੰ ਅੱਗੇ ਵਧਾਉਣ ਲਈ ਲੰਮੇ-ਲੰਮੇ ਪ੍ਰਚਾਰਕ ਦੌਰੇ ਕੀਤੇ । ਸ੍ਰੀ ਅਨੰਦਪੁਰ ਸਾਹਿਬ ਨਗਰ ਆਪ ਜੀ ਨੇ ਵਸਾਇਆ ।
ਇਹਨਾਂ ਦਿਨ੍ਹਾਂ ਵਿੱਚ ਸਮੇਂ ਦੇ ਹਾਕਮ ਔਰੰਗਜੇਬ ਵੱਲੋਂ ਹਿੰਦੂ ਜਨਤਾ ਉੱਤੇ ਬੇ-ਹਿਸਾਬ ਜੁਲਮ ਕੀਤੇ ਜਾ ਰਹੇ ਸਨ । ਅਤੇ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਕੋਝੇ ਹਥਕੰਡੇ ਵਰਤੇ ਅਤੇ ਤਲਵਾਰ ਦੀ ਖੁਲ਼ ਕੇ ਵਰਤੋਂ ਆਰੰਭ ਕਰ ਦਿੱਤੀ । ਜਿਸ ਕਰਕੇ ਕਸ਼ਮੀਰ ਦੇ ਪੰਡਿਤ ਦਾ ਇੱਕ ਵਿਸ਼ੇਸ਼ ਡੈਪੂਟੇਸ਼ਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਆ ਫਰਿਆਦੀ ਹੋਇਆ । ਪੰਡਿਤਾਂ ਵੱਲੋਂ ਆਪਣੇ ਧਰਮ ਦੀ ਰੱਖਿਆ ਦੀ ਮੰਗ ਕੀਤੀ ਗਈ ਤਾਂ ਸਤਿਗੁਰੂ ਜੀ ਨੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਦੇ ਮਹਾਂਵਾਕ ਅਨੁਸਾਰ ਉਹਨਾਂ ਦੀ ਬਾਂਹ ਪਕੜੀ ਅਤੇ ਦਿੱਲੀ ਦਰਬਾਰ ਦੇ ਵਿਰੋਧ ਵਿੱਚ ਟੱਕਰ ਲੈਣ ਦਾ ਫੈਂਸਲਾ ਕੀਤਾ। ਆਪ ਨੇ ਐਲਾਨ ਕੀਤਾ ਕਿ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ‘ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਉ’ ।
ਗ੍ਰਿਫਤਾਰੀ ਮੌਕੇ ਗੁਰੂ ਜੀ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਇਆਲਾ ਜੀ ਸਨ। ਇਸ ਮੌਕੇ ਆਪ ਜੀ ਨੂੰ ਮੁਸਲਮਾਨ ਬਣਨ ਲਈ ਕਈ ਤਰ੍ਹਾਂ ਦੇ ਲਾਲਚਾਂ ਤੋਂ ਇਲਵਾ ਡਰਾਇਆ ਧਮਕਾਇਆ ਗਿਆ, ਅਤੇ ਕਤਲ ਤੱਕ ਕਰਨਾ ਹੁਕਮ ਕੀਤਾ ਗਿਆ ਕਿ ਸ਼ਾਇਦ ਮੌਤ ਦੇ ਡਰਾਵੇ ਨਾਲ ਗੁਰੂ ਜੀ ਇਸਲਾਮ ਕਬੂਲ ਕ ਲੈਣ । ਜੈਸਾ ਕਿ ਸੈਰੁਲ ਮਤਾਖ਼ਰੀਨ ਦਾ ਲਿਖਾਰੀ ਲਿਖਦਾ ਹੈ ਕਿ “ਬਾਅਦ ਚੰਦ ਰੋਜ਼ ਹੁਕਮਿ ਦੀਗ ਦਰ ਬਾਰਾਏ ਤੇਗ਼ ਬਹਾਦਰ ਰਸੀਦ ਕਿ ਊ ਰਾ ਕੁਸ਼ਤਹ ਵਜੂਦਸ਼ ਰਾ ਚੰਦ ਹਿੱਸਾ ਨਮੂਦਹ ਅਤਰਾਫ਼ੇ ਸ਼ਹਿਰ ਬਿਆਵੇਗ਼ੰਦ” ਭਾਵ- ਗੁਰੂ ਤੇਗ ਬਹਾਦਰ ਨੂੰ ਕਤਲ ਕੀਤਾ ਜਾਵੇ, ਉਸ ਦੇ ਜਿਸਮ ਦੇ ਟੋਟੇ ਕਰਕੇ ਸ਼ਹਿਰ ਦੇ ਸਭਨੀ ਪਾਸੀਂ ਲਟਕਾ ਦਿੱਤੇ ਜਾਣ। ਇਸ ਤਰ੍ਹਾਂ ਦੇ ਡਾਰਵਿਆਂ ਦੇ ਨਾਲ ਆਪ ਜੀ ਧੀਆਂ ਅੱਖਾਂ ਸੇ ਸਾਹਵੇਂ ਆਪ ਜੀ ਅੰਨਿਨ ਸਿੱਖ ਸ਼ਰਧਾਲੂ ਭਾਈ ਮਤੀ ਦਾਸ ਜੀਨੂੰ ਜਿਊਂਦੇ ਜੀਆਂ ਆਰਿਆਂ ਨਾਲ ਚੀਰ ਦਿੱਤਾ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕਿ ਜਿਂਦਾ ਸਾੜਿਆ ਗਿਆਅਤੇ ਭਾਈ ਦਇਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ । ਪਰ ਉਹਨਾਂ ਜ਼ਾਲਮਾਂ ਦੇ ਇਹ ਡਰਾਵੇ ਸਾਹਿਬ ਗੁਰੂ ਤੇਗ ਬਹਾਦੁਰ ਜੀ ਦੇ ਨਿਸਚੇ ਨੂੰ ਨਾ ਡੇਗ ਸਕੇ ਅਤੇ ਅੰਤ 11 ਨਵੰਬਰ ਸੰਨ 1675, ਵੀਰਵਾਰ ਦੇਸੀ ਸੰਮਤ 1732 ਮੱਘਰ ਮਹੀਨੇ ਦੀ 11 ਤਰੀਕ ਨੂੰ ਚਾਂਦਨੀ ਚੌਂਕ ਵਿਖੇ ਨੌਵੇਂ ਪਤਾਸ਼ਾਹ ਸਤਿਗੁਰੂ ਜੀ ਨੂੰ ਤਲਵਾਰ ਨਾਲ ਸੀਸ ਧੜ ਤੋਂ ਵੱਖ ਕਰਕੇ ਸ਼ਹੀਦ ਕਰ ਦਿੱਤਾ ਗਿਆ । ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸਸ਼ੋਭਿਤ ਹੈ ।
ਇਸ ਸ਼ਹੀਦੀ ਨੂੰ ਵੇਖ ਕੇ ਲੋਕਾਂ ਵਿੱਚ ਹਾਹਕਾਰ ਮੱਚ ਗਈ ਅਤੇ ਇਸੇ ਭਗਦੜ ਦੌਰਾਨ ਭਾਈ ਜੈਤਾ ਜੀ ਨੇ ਹਿੰਮਤ ਕਰਕੇ ਗੁਰੂ ਸਾਹਿਬ ਦਾ ਸੀਸ ਚੁਕਾ ਦਿੱਲੀ ਤੋਂ 200 ਮੀਲ ਦੀ ਵਿੱਥ ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਾਇਆ ਅਤੇ ਦੂਜੇ ਪਾਸੇ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਭਾਈ ਊਦਾ ਜੀ ਨੇ ਸਲਾਹ ਕਰਕੇ ਸਮੇਂ ਨੂੰ ਸ਼ੰਭਾਲਦਿਆਂ ਗੁਰੂ ਜੀ ਧੜ ਮੁਗਲਾਂ ਦੇ ਘੇਰੇ ਵਿੱਚੋਂ ਚੁੱਕ ਲਿਆਂਦਾ ਅਤੇ ਤਿੰਨ ਮਿਲ ਦੀ ਵਿੱਥ ਤੇ ਰਕਾਬ ਗੰਜ ਵਿੱਖੇ ਭਾਈ ਲੱਖੀ ਨੇ ਆਪਣੇ ਘਰ ਵਿੱਚ ਗੁਰੂ ਜੀ ਦਾ ਧੜ ਰੱਖ ਸਮੇਤ ਸਾਰੇ ਸਾਮਾਨ ਦੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਆਪਣਾ ਸੱਚਾ ਸੁਚਾ ਫਰਜ਼ ਪੂਰਾ ਕਰ ਦਿੱਤਾ । ਉਥੇ ਗੁਰਦੁਆਰਾ ਰਕਾਬਗੰਜ ਸਾਹਿਬ, ਦਿੱਲੀ ਸਸ਼ੋਭਿਤ ਹੈ । ਭਾਈ ਜੈਤਾ ਜੀ ਨੁੰ ਗੁਰੂ ਗੋਬਿੰਦ ਸਿਮਘ ਜੀ ਨੇ ਗਲ ਨਾਲ ਲਗਾ ਕੁ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਮਾਣ ਦਿੱਤਾ ਅਤੇ 1699 ਦੀਵਿਸਾਖੀ ਨੂੰ ਖਾਲਸਾ ਸਜਾਉਣ ਵਕਤ ਜੈਤਾ ਜੀ ਨੂੰ ਜੀਉਣ ਸਿੰਘ ਅਤੇ ਭਾਈ ਊਦਾ ਜੀ ਨੂੰ ‘ਉਦੈ ਸਿੰਘ ਬਣਾ ਦਿੱਤਾ । ਜਿਥੇ ਗੁਰੂ ਜੀ ਦੇ ਸੀਸ ਦਾ ਸਤਿਕਾਰ ਹੋਇਆ ਉਥੇਹੁਣ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਸਿਆ ਹੋਇਆ ਹੈ ।
Recent Comments