ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ। ਬਾਬਾ ਅਜੀਤ ਸਿੰਘ ਜੀ ਦਾ ਜਨਮ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ। ਬਾਬਾ ਜੁਝਾਰ ਸਿੰਘ ਜੀ ਦਾ ਜਨਮ ਸੰਨ 1690 ਨੂੰ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ। ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤ੍ਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ।
ਇੱਸ ਵਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦੀਵਾਨ ਸਜਿਆ ਹੋਇਆ ਸੀ ਕਿ ਇੱਕ ਬ੍ਰਾਹਮਨ ਜਿਸ ਦਾ ਨਾਂਅ ਦੇਵਦਾਸ ਸੀ, ਰੋਂਦਾ ਕੁਰਲਾਂਦਾ ਦੀਵਾਨ ਵਿੱਚ ਪੁੱਜਿਆ। ਇਹ ਸ਼ਿਆਰਪੁਰ ਦੇ ਨੇੜੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ। ਗੁਰੂ ਜੀ ਨੇ ਬ੍ਰਾਹਮਣ ਨੂੰ ਚੁੱਪ ਕਰਾ ਕੇ ਰੋਣ ਦਾ ਕਾਰਨ ਪੁੱਛਿਆ। ਬ੍ਰਾਹਮਣ ਕਹਿਣ ਲੱਗਾ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਕਿ ਮੇਰੀ ਘਰ ਵਾਲੀ ਬ੍ਰਾਹਮਣੀ ਪਠਾਣਾਂ ਨੇ ਖੋਹ ਲਈ ਹੈ। ਮੈਂ ਬਹੁਤ ਚੀਕ-ਪੁਕਾਰ ਕੀਤੀ ਪਰ ਮੇਰੀ ਕਿਸੇ ਨੇ ਨਾ ਸੁਣੀ। ਇਨ੍ਹਾਂ ਮੈਨੂੰ ਫੜ ਕੇ ਬਹੁਤ ਮਾਰਿਆ ਤੇ ਮੇਰੀ ਘਰਵਾਲੀ ਖੋਹ ਕੇ ਚਲਦੇ ਬਣੇ। ਹੁਣ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ। ਮੇਰੀ ਸਹਾਇਤਾ ਕਰੋ ਤੇ ਮੇਰੀ ਇਸਤਰੀ ਮੈਨੂੰ ਵਾਪਸ ਦਿਵਾਉ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਹੁਕਮ ਦਿੱਤਾ ਕਿ ਬਸੀ ਦੇ ਪਠਾਣ ਜਾਬਰ ਖਾਂ ਨੇ ਇਸ ਬ੍ਰਾਹਮਣ ਦੀ ਘਰਵਾਲੀ ਖੋਹ ਲਈ ਹੈ। ਤੁਸੀਂ ਸਿੰਘਾਂ ਨੂੰ ਲੈ ਕੇ ਜਾਉ ਤੇ ਬਿਜਲੀ ਦੀ ਫੁਰਤੀ ਵਾਂਗੂ ਬ੍ਰਾਹਮਣੀ ਨੂੰ ਛੁਡਾ ਕੇ ਇਸ ਦੇ ਹਵਾਲੇ ਕਰੋ। ਜਾਬਰ ਖਾਂ ਨੂੰ ਉਸ ਦੇ ਕੀਤੇ ਦੀ ਕਰੜੀ ਸਜ਼ਾ ਦਿਉ।
ਸਾਹਿਬਜਾਦਾ ਅਜੀਤ ਸਿੰਘ ਨੇ 100 ਸਿੰਘਾਂ ਨੂੰ ਨਾਲ ਲਿਆ ਤੇ ਬ੍ਰਾਹਮਣ ਨੂੰ ਆਪਣੇ ਘੋੜੇ ਤੇ ਬਿਠਾ ਲਿਆ। ਅਜੇ ਦਿਨ ਨਹੀਂ ਸੀ ਚੜ੍ਹਿਆ ਕਿ ਬਸੀ ਪਠਾਣਾਂ ਤੇ ਜਾ ਪੇ। ਹਵੇਲੀ ਦਾ ਬੂਹਾ ਤੋੜ ਕੇ ਅੰਦਰ ਲੰਘ ਗਏ। ਪਠਾਣਾਂ ਨੇ ਸਿੱਖਾਂ ਨੂੰ ਅੰਦਰ ਆਉਂਦਿਆਂ ਵੇਖ ਸਿੱਖ ਆ ਗਏ ਸਿੱਖ ਆ ਗਏ। ਦਾ ਰੌਲਾ ਪਾ ਦਿੱਤਾ। ਕਿਸੇ ਪਠਾਣ ਦਾ ਹੌਂਸਲਾ ਨਹੀਂ ਸੀ ਕਿ ਸਿੱਖਾਂ ਨਾਲ ਟਾਕਰਾ ਲੈ ਸਕੇ।
ਜਾਬਰ ਖਾਂ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ। ਸਿੱਖਾਂ ਨੇ ਘਬਰਾਏ ਹੋਏ ਜਾਬਰ ਖਾਂ ਨੂੰ ਜਾ ਪਕੜਿਆਂ ਬ੍ਰਾਹਮਣ ਨੇ ਦੋਸ਼ੀ ਜਾਬਰ ਖਾਂ ਨੂੰ ਪਛਾਣ ਲਿਆ ਸੀ। ਬ੍ਰਾਹਮਣੀ ਨੂੰ ਵੀ ਅੰਦਰੋਂ ਲੱਭ ਕੇ ਬ੍ਰਾਹਮਣ ਦੇ ਹਵਾਲੇ ਕੀਤਾ। ਹੋਰ ਕਿਸੇ ਚੀਜ ਨੂੰ ਹੱਥ ਨਹੀਂ ਲਾਇਆ। ਜਾਬਰ ਖਾਂ ਪਠਾਣ ਨੂੰ ਬੰਨ੍ਹ ਕੇ ਘੋੜੇ ਤੇ ਬਿਠਾ ਕੇ ਬ੍ਰਾਹਮਣੀ ਸਮੇਤ ਅਨੰਦਪੁਰ ਸਾਹਿਬ ਪਹੁੰਚੇ। ਬ੍ਰਾਹਮਣੀ ਨੂੰ ਬ੍ਰਾਹਮਣ ਦੇ ਹਵਾਲੇ ਕੀਤਾ। ਗੁਰੂ ਸਾਹਿਬ ਜੀ ਇਸ ਗੱਲ ਤੋਂ ਬਹੁਤ ਖੁਸ਼ ਹੋਏ।
19-20 ਦਸੰਬਰ 1704 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਦਾ ਕਿੱਲ੍ਹਾ ਛੱਡਿਆ। ਸਰਸਾ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਰੋਪੜ ਦੇ ਸਥਾਨ ਵੀ ਪਠਾਣਾਂ ਨਾਲ ਲੜਾਈ ਹੋਈ। ਇਸ ਉਪਰੰਤ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ।
ਜਦੋਂ ਕੁੱਝ ਸਿੰਘ ਸ਼ਹੀਦ ਹੋ ਗਏ ਤਾਂ ਬਾਕੀ ਸਿੰਘਾਂ ਨੇ ਬੇਨਤੀ ਕੀਤੀ ਗੁਰੂ ਜੀ ਤੁਸੀਂ ਸਾਹਿਬਜਾਦਿਆਂ ਨੂੰ ਨਾਲ ਲੈ ਕੇ ਗੜ੍ਹੀ ਤੋਂ ਬਾਹਰ ਨਿਕਲ ਜਾਓ। ਗੁਰੂ ਜੀ ਨੇ ਕਿਹਾ ਤੁਸੀਂ ਕਿਹੜੇ ਸਾਹਿਬਜਾਦਿਆਂ ਦੀ ਗੱਲ ਕਰਦੇ ਹੋ। ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ। ਫਿਰ ਗੁਰੂ ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਤਿਆਰ ਕੀਤਾ। ਸ਼ਸਤਰ ਦਿੱਤੇ। ਪੰਜ ਸਿੰਘ ਨਾਲ ਦੇ ਕੇ ਜੰਗ ਦੇ ਮੈਦਾਨ ਵੱਲ ਤੋਰਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਜਦੋਂ ਤੀਰ ਚਲਾਏ ਤਾਂ ਮੁਗਲ ਫੌਜ ਅੱਲਾ ਅੱਲਾ ਪੁਕਾਰਨ ਲੱਗੀ। ਤੀਰਾਂ ਤੋਂ ਬਾਅਦ ਆਪ ਜੀ ਨੇ ਤਲਵਾਰ ਦੇ ਐਸੇ ਜੌਹਰ ਦਿਖਾਏ ਕਿ ਵੈਰੀ ਦਲ ਹੈਰਾਨ ਰਹਿ ਗਿਆ।
ਆਪ ਨੇ ਸੰਜੋਅ ਨਾਲ ਢੱਕੇ ਇੱਕ ਮੁਗਲ ਸਰਦਾਰ ਨੂੰ ਅਜਿਹਾ ਨੇਜਾ ਮਾਰਿਆ ਕਿ ਜਦੋਂ ਵਾਪਸ ਖਿੱਚਣ ਲੱਗੇ ਤਾਂ ਨੇਜ਼ਾ ਵਿਚੇ ਹੀ ਟੁੱਟ ਗਿਆ। ਜਦੋਂ ਆਪ ਜੀ ਦਾ ਘੋੜਾ ਜਖਮੀ ਹੋ ਗਿਆ ਤਾਂ ਆਪ ਜੀ ਪੈਦਲ ਹੋ ਕੇ ਵੈਰੀਆਂ ਦੇ ਆਹੂ ਲਾਹੁਣ ਲੱਗੇ। ਗੁਰੂ ਸਾਹਿਬ ਜੀ ਸਾਹਿਬਜ਼ਾਦੇ ਦੀ ਬਹਾਦਰਤਾ ਗੜ੍ਹੀ ਵਿੱਚੋਂ ਖੁਸ਼ੀ ਨਾਲ ਵੇਖ ਰਹੇ ਸਨ। ਕਈਆਂ ਨੂੰ ਪਾਰ ਬੁਲਾ ਕੇ ਅੰਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ।
ਹੁਣ ਜੁਝਾਰ ਸਿੰਘ ਜੀ ਦੀ ਵਾਰੀ ਸੀ। ਪਿਤਾ ਗੁਰੂ ਨੇ ਹੱਸਦੇ-ਹੱਸਦੇ ਉਹਨਾਂ ਨੂੰ ਪੰਜ ਸਿੰਘਾਂ ਨਾਲ ਮੈਦਾਨੇ-ਜੰਗ ਵਿੱਚ ਭੇਜਿਆ। ਜਿਵੇਂ ਹੀ ਸਾਹਿਬਜ਼ਾਦਾ ਮੈਦਾਨੇ ਜੰਗ ਵਿੱਚ ਆਇਆ। ਬੱਚੇ ਜਿਹੇ ਨੂੰ ਵੇਖ ਕੇ ਸਾਰੀ ਮੁਗਲ ਫੌਜ ਇੱਕੋ ਵਾਰ ਟੁੱਟ ਪਈ। ਗੁਰੂ ਜੀ ਨੇ ਇਹ ਵੇਖਦਿਆ ਹੀ ਗੜ੍ਹੀ ਵਿੱਚੋਂ ਤੀਰਾਂ ਦਾ ਬਾਰਸ਼ ਆਰੰਭ ਕਰ ਦਿੱਤੀ। ਤੀਰਾਂ ਦੀ ਛਾਵੇਂ ਬਾਬਾ ਜੁਝਾਰ ਸਿੰਘ ਜੀ ਅੱਗੇ ਵੱਧਦੇ ਹੋਏ ਵੈਰੀਆਂ ਦੇ ਆਹੂ ਲਾਹੁਣ ਲੱਗੇ। ਬੜੇ ਘਮਸਾਨ ਦਾ ਯੁੱਧ ਹੋਇਆ। ਕਈਆਂ ਨੂੰ ਪਾਰ ਬੁਲਾ ਕੇ ਅੰਤ ਬਾਬਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ।
ਸ਼ਹੀਦੀ ਦੇ ਸਮੇਂ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ ਸਰੀਰਕ ਉਮਰ 15-17 ਸਾਲਾਂ ਦੀ ਸੀ।
Recent Comments