ਭਾਦਰੋਂ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥ਪਕਿੜ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

ਵਿਆਖਿਆ :
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ ੴ ਸਤਿਗੁਰ ਪ੍ਰਸਾਦਿ ॥
(ਜਿਵੇਂ) ਭਾਦਰੋਂ (ਦੇ ਤ੍ਰਾਟਕੇ ਤੇ ਘੁੰਮੇ) ਵਿਚ (ਮਨੁੱਖ ਬਹੁਤ ਘਬਰਾਂਦਾ ਹੈ, ਤਿਵੇਂ) ਜਿਸ ਜੀਵ-ਇਸਤ੍ਰੀ ਦਾ ਪਿਆਰ ਪ੍ਰਭੂ-ਪਤੀ ਤੋਂ ਬਿਨਾ ਕਿਸੇ ਹੋਰ ਨਾਲ ਲੱਗਦਾ ਹੈ ਉਹ ਭਟਕਣਾ ਦੇ ਕਾਰਨ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦੀ ਹੈ,ਉਹ ਭਾਵੇਂ ਲੱਖਾਂ ਹਾਰ ਸਿੰਗਾਰ ਕਰੇ, (ਉਸ ਦੇ) ਕਿਸੇ ਕੰਮ ਨਹੀਂ ਆਉਂਦੇ ।ਜਿਸ ਦਿਨ ਮਨੁੱਖ ਦਾ ਸਰੀਰ ਨਾਸ ਹੋਵੇਗਾ (ਜਦੋਂ ਮਨੁੱਖ ਮਰ ਜਾਇਗਾ) ਉਸ ਵੇਲੇ (ਸਾਰੇ ਸਾਕ-ਅੰਗ) ਆਖਣਗੇ ਕਿ ਇਹ ਹੁਣ ਗੁਜ਼ਰ ਗਿਆ ਹੈ । (ਲੋਥ ਅਪਵਿਤ੍ਰ ਪਈ ਹੈ, ਇਸ ਨੂੰ ਛੇਤੀ ਬਾਹਰ ਲੈ ਚੱਲੋ) ।ਜਮਦੂਤ (ਜਿੰਦ ਨੂੰ) ਫੜ ਕੇ ਅੱਗੇ ਲਾ ਲੈਂਦੇ ਹਨ, ਕਿਸੇ ਨੂੰ (ਇਹ) ਭੇਤ ਨਹੀਂ ਦੱਸਦੇ (ਕਿ ਕਿੱਥੇ ਲੈ ਚੱਲੇ ਹਾਂ) ।(ਜਿਨ੍ਹਾਂ ਸੰਬੰਧੀਆਂ ਨਾਲ (ਸਾਰੀ ਉਮਰ ਬੜਾ) ਪਿਆਰ ਬਣਿਆ ਰਹਿੰਦਾ ਹੈ ਉਹ ਪਲ ਵਿਚ ਹੀ ਸਾਥ ਛੱਡ ਬੈਠਦੇ ਹਨ ।(ਮੌਤ ਆਈ ਵੇਖ ਕੇ ਮਨੁੱਖ) ਬੜਾ ਪਛੁਤਾਂਦਾ ਹੈ, ਉਸ ਦਾ ਸਰੀਰ ਔਖਾ ਹੁੰਦਾ ਹੈ, ਉਹ ਕਾਲੁ ਤੋਂ ਚਿੱਟਾ ਪਿਆ ਹੁੰਦਾ ਹੈ (ਘਬਰਾਹਟ ਨਾਲ ਇਕ ਰੰਗ ਆਉਂਦਾ ਹੈ ਇਕ ਜਾਂਦਾ ਹੈ) ।ਇਹ ਸਰੀਰ ਮਨੁੱਖ ਦੇ ਕੀਤੇ ਕਰਮਾਂ ਦਾ ਖੇਤ ਹੈ, ਜੋ ਕੁਝ ਮਨੁੱਖ ਇਸ ਵਿਚ ਬੀਜਦਾ ਹੈ ਉਹੀ ਫ਼ਸਲ ਵੱਢਦਾ ਹੈ (ਜੇਹੇ ਕਰਮ ਕਰਦਾ ਹੈ, ਤੇਹਾ ਫਲ ਪਾਂਦਾ ਹੈ) ।ਹੇ ਨਾਨਕ! (ਗੁਰੂ ਦੀ ਕਿਰਪਾ ਨਾਲ) ਉਹ ਪ੍ਰਭੂ ਦੀ ਸਰਨ ਵਿਚ ਆ ਜਾਂਦੇ ਹਨ, ਗੁਰੂ ਉਹਨਾਂ ਨੂੰ ਪ੍ਰਭੂ ਦੇ ਚਰਨ-ਰੂਪ ਜਹਾਜ਼ (ਵਿਚ ਚੜ੍ਹਾ) ਦੇਂਦਾ ਹੈ,ਜਿਨ੍ਹਾਂ ਦਾ ਰਾਖਾ ਤੇ ਹਿਤੂ ਗੁਰੂ ਬਣਦਾ ਹੈ, ਉਹ ਨਰਕ ਵਿਚ ਨਹੀਂ ਪਾਏ ਜਾਂਦੇ ।੭।

ਵਾਹਿਗੁਰੂ ਜੀ ਕਾ ਖ਼ਾਲਸਾ

ਵਾਹਿਗੁਰੂ ਜੀ ਕੀ ਫਤਹਿ

ਸੰਗ੍ਰਾਂਦ ਦਾ ਦਿਹਾੜਾ

16 ਅਗਸਤ 2017 ਦਿਨ ਬੁੱਧਵਾਰ ਨੂੰ ਭਾਦੋਂ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ ਹੈ ਜੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ਮੋਰਚਾ ਗੁਰੂ ਕਾ ਬਾਗ

8 ਅਗਸਤ 1922 ਨੂੰ ਗੁਰੂ ਕਾ ਬਾਗ ਮੋਰਚਾ ਸ਼ੁਰੂ ਹੋਇਆ:

ਮੋਰਚਾ ਗੁਰੂ ਕਾ ਬਾਗ

ਗੁਰੂ ਕੇ ਬਾਗ ਦੇ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਸੀ, ਜਿਸ ਨਾਲ ਇਕ ਸਾਲ ਪਹਿਲਾਂ ਕਮੇਟੀ ਦਾ ਸਮਝੌਤਾ ਹੋ ਗਿਆ ਸੀ ਤੇ ਮਹੰਤ ਨੇ ਅੰਮ੍ਰਿਤਪਾਨ ਕਰਕੇ ਕਮੇਟੀ ਅਧੀਨ ਸੇਵਾ ਕਰਨਾ ਪ੍ਰਵਾਨ ਕਰ ਲਿਆ ਸੀ। ਸਿੰਘਾਂ ਉੱਤੇ ਸਰਕਾਰੀ ਸਖਤੀ ਦਾ ਦੌਰ ਵੇਖ ਕੇ ਮਹੰਤ ਵੀ ਆਪਣੇ ਤੋਰ ਬਦਲ ਬੈਠਾ। ਉਸ ਨੇ ਸਮਝਿਆ ਕਿ ਹੁਣ ਮੁੜ ਜਾਇਦਾਦ ਆਪਣੇ ਕਬਜ਼ੇ ਕੀਤੀ ਜਾ ਸਕੇਗੀ। ਪਹਿਲਾਂ ਵਾਂਗ 8 ਅਗਸਤ ਨੂੰ ਪੰਜ ਸਿੰਘ ਗੁਰੂ ਕੇ ਬਾਗ ਦੀ ਜ਼ਮੀਨ ਵਿਚੋਂ, ਜੋ ਸਮਝੌਤੇ ਅਨੁਸਾਰ ਕਮੇਟੀ ਦੇ ਪ੍ਰਬੰਧ ਹੇਠ ਆ ਚੁੱਕੀ ਸੀ, ਲੱਕੜਾਂ ਲੈਣ ਗਏ, ਕਿਸੇ ਨੇ ਕੁਛ ਨਾ ਆਖਿਆ ਤੇ ਨਾ ਹੀ ਮਹੰਤ ਨੇ ਰਿਪੋਰਟ ਕੀਤੀ। ਹਾਂ, ਇਸ ਗੱਲ ਦੀ ਇਤਲਾਹ ਬੇਦੀ ਬ੍ਰਿਜ ਲਾਲ ਨੇ ਪੁਲਿਸ ਨੂੰ ਪਹੁੰਚਾਈ ਜਿਸ ’ਤੇ 9 ਅਗਸਤ ਨੂੰ ਪੁਲਿਸ ਇਨ੍ਹਾਂ ਪੰਜਾਂ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਤੇ 10 ਅਗਸਤ ਨੂੰ ਛੇ ਛੇ ਮਹੀਨੇ ਦੀ ਸਜ਼ਾ ਸੁਣਾ ਦਿੱਤੀ। ਸਰਕਾਰ ਨੇ ਅਜਿਹਾ ਕਿਉਂ ਕੀਤਾ ਜਦੋਂ ਕਿ ਕਮੇਟੀ ਦੇ ਆਦਮੀ ਗੁਰਦੁਆਰੇ ਦੀ ਮਲਕੀਅਤ ਵਿਚੋਂ ਹੀ ਗੁਰੂ ਕੇ ਲੰਗਰ ਲਈ ਲੱਕੜਾਂ ਲਿਆਉਂਦੇ ਸਨ, ਇਸ ਦਾ ਸਰਕਾਰ ਨੂੰ ਵੀ ਕੋਈ ਗਿਆਨ ਨਹੀਂ ਸੀ। ਪਰ ਸਰਕਾਰ ਤਾਂ ਜਾਣ ਬੁੱਝ ਕੇ ਲੱਤ ਅੜਾ ਰਹੀ ਸੀ ਤਾਂ ਕਿ ਅਕਾਲੀਆਂ ਨੂੰ ਕਿਵੇਂ ਨਾ ਕਿਵੇਂ ਜੇਲ੍ਹੀਂ ਭੇਜਿਆ ਜਾ ਸਕੇ। ਜੇ ਇਹ ਬੇਕਾਨੂੰਨੀ ਕਰ ਰਹੇ ਸਨ ਤਾਂ ਮਹੰਤ ਸੁੰਦਰ ਦਾਸ ਦੀ ਰਿਪੋਰਟ ਤੇ ਹੀ ਪੁਲਿਸ ਨੂੰ ਉੱਥੇ ਪਹੁੰਚਣ ਦੀ ਲੋੜ ਸੀ ਪਰ ਅਸਲੀਅਤ ਇਹ ਹੈ ਕਿ ਗੋਰੀ ਸਰਕਾਰ ਦਾ ਆਪਣਾ ਹੀ ਸੀਨਾ ਕਾਲਾ ਸੀ ਤੇ ਉਹ ਕਿਸੇ ਨਾ ਕਿਸੇ ਬਹਾਨੇ ਨਾਮਿਲਵਰਤਨੀਏ ਸਿੱਖਾਂ ਨੂੰ ਦਬਕਾਉਣ ਧਮਕਾਉਣ ਦੀਆਂ ਵਿਉਂਤਾਂ ਬਣਾ ਰਹੀ ਸੀ। ਅਗਲੀਆਂ ਘਟਨਾਵਾਂ ਇਸ ਗੱਲ ਨੂੰ ਹੋਰ ਸਾਫ਼ ਕਰਦੀਆਂ ਹਨ।
10 ਤੋਂ 22 ਅਗਸਤ ਤੱਕ ਪੁਲਿਸ ਚੁੱਪ ਕਰਕੇ ਬੈਠੀ ਰਹੀ ਪਰ ਗ੍ਰਿਫਤਾਰੀ ਕੋਈ ਨਾ ਹੋਈ। ਅਖੀਰ ਉਤਲੇ ਹੁਕਮ ਅਨੁਸਾਰ 22 ਤਰੀਕ ਤੋਂ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ। ਮਿ: ਡੰਟ, ਡਿਪਟੀ ਕਮਿਸ਼ਨਰ ਅੰਮ੍ਰਿਤਸਰ 25 ਅਗਸਤ ਨੂੰ ਸ਼ਿਮਲੇ ਤੋਂ ਖਾਸ ਹਦਾਇਤਾਂ ਲੈ ਕੇ ਅੰਮ੍ਰਿਤਸਰ ਪਹੁੰਚ ਗਿਆ ਤੇ ਅੱਗੋਂ ਤੋਂ ਮਾਰ-ਕੁਟਾਈ ਦਾ ਕੰਮ ਵੀ ਸ਼ੁਰੂ ਹੋ ਗਿਆ। 26 ਅਗਸਤ 1922 ਨੂੰ ਸ਼੍ਰੋਮਣੀ ਕਮੇਟੀ ਦੇ ਮੀਟਿੰਗ ਕਰ ਰਹੇ ਅੰਤਰਿੰਗ ਮੈਂਬਰ ਸ. ਮਹਿਤਾਬ ਸਿੰਘ ਪ੍ਰਧਾਨ, ਭਗਤ ਜਸਵੰਤ ਸਿੰਘ ਜਨਰਲ ਸਕੱਤਰ, ਪ੍ਰੋ. ਸਾਹਿਬ ਸਿੰਘ ਮੀਤ ਸਕੱਤਰ, ਸ. ਸਰਮੁਖ ਸਿੰਘ ਝਬਾਲ (ਪ੍ਰਧਾਨ ਅਕਾਲੀ ਦਲ) ਮਾਸਟਰ ਤਾਰਾ ਸਿੰਘ, ਬਾਬਾ ਕੇਹਰ ਸਿੰਘ ਪੱਟੀ, ਸ. ਰਵੇਲ ਸਿੰਘ ਵੀ ਫੜ ਲਏ ਗਏ। ਸਰਕਾਰ ਨੇ ਗੁਰੂ ਕੇ ਬਾਗ ਹੋਰ ਪੁਲਸ ਵਧਾ ਦਿੱਤੀ ਤੇ ਪਾਲਸੀ ਇਹ ਧਾਰਨ ਕੀਤੀ ਕਿ ਜੋ ਵੀ ਸਿੰਘ ਲੱਕੜਾਂ ਲੈਣ ਜਾਂ ਵੈਸੇ ਆਏ, ਉਸ ਤੇ ਖੂਬ ਡਾਂਗਾਂ ਨਾਲ ਮਾਰਕੁਟਾਈ ਕੀਤੀ ਜਾਵੇ। ਸਿੰਘਾਂ ਨੇ ਅਕਾਲ ਤਖਤ ਸਾਹਮਣੇ ਭਰੇ ਦੀਵਾਨ ਵਿਚ ਐਲਾਨ ਕੀਤਾ ਕਿ ‘ਗੁਰੂ ਕਾ ਬਾਗ’ ਸਿੱਖ ਕੌਮ ਦੀ ਮਲਕੀਅਤ ਹੈ, ਜੇ ਸਰਕਾਰ ਨੇ ਆਪਣਾ ਦਖਲ ਨਾ ਛੱਡਿਆ ਤਾਂ ਇਸੇ ਤਰ੍ਹਾਂ ਸ਼ਾਂਤਮਈ ਸੱਤਿਆਗ੍ਰਹਿ ਦਾ ਅੰਦੋਲਨ ਜਾਰੀ ਰਹੇਗਾ।
ਇਸ ਸਮੇਂ ਸਿਵਲ ਨਾਫੁਰਮਾਨੀ ਦੀ ਲਹਿਰ ਸਰਕਾਰ ਨੇ ਦਬਾ ਛੱਡੀ ਸੀ, ਇਸ ਲਈ ਉਸ ਨੂੰ ਅਭਿਮਾਨ ਸੀ ਕਿ ਇਹ ਖਾਲਸਈ ਜੋਸ਼ ਵੀ ਮਾਰ-ਕੁਟਾਈ ਨਾਲ ਠੰਢਾ ਪਾ ਦਿੱਤਾ ਜਾਵੇਗਾ ਪਰ ਉਸ ਦਾ ਇਹ ਅਨੁਮਾਨ ਗਲਤ ਨਿਕਲਿਆ। 30 ਅਗਸਤ ਨੂੰ 60 ਕੁ ਸਿੱਖਾਂ ਦਾ ਜਥਾ ਗੁਰੂ ਕੇ ਬਾਗ ਵੱਲ ਰਵਾਨਾ ਹੋਇਆ, ਰਾਹ ਵਿਚ ਰਾਤ ਪੈ ਜਾਣ ਤੇ ਸਿੰਘ ਉੱਥੇ ਹੀ ਸੌਂ ਗਏ ਪਰੰਤੂ ਪੁਲਿਸ ਨੇ ਸੁੱਤੇ ਪਏ ਜਥੇ ਉਤੇ ਵੀ ਮਾਰ ਕੁਟਾਈ ਕੀਤੀ। 31 ਅਗਸਤ ਤੋਂ ਹਰ ਰੋਜ਼ ਸੌ ਸੌ ਦਾ ਜਥਾ ਅਕਾਲ ਤਖਤ ਤੋਂ ਅਰਦਾਸਾ ਸੋਧ ਸੋਧ ਜਾਣ ਲੱਗਾ। ਰਸਤੇ ਵਿਚ ਹੀ ਜਥੇ ਉੱਤੇ ਸਖਤ ਮਾਰ ਕੁਟਾਈ ਹੁੰਦੀ ਤੇ ਸਿੱਖਾਂ ਨੂੰ ਕੇਸਾਂ ਤੋਂ ਫੜ ਕੇ ਕੁੱਟ-ਕੁੱਟ ਬੇਹੋਸ਼ ਕਰ ਕੇ ਸੁੱਟ ਦਿੱਤਾ ਜਾਂਦਾ। ਬਾਅਦ ਵਿਚ ਕਮੇਟੀ ਵਲੋਂ ਮੋਟਰਾਂ ਜਾਂਦੀਆਂ ਤੇ ਜ਼ਖਮੀਆਂ ਨੂੰ ਹਸਪਤਾਲ ਲਿਆ ਕੇ ਉਨ੍ਹਾਂ ਦੀ ਸੇਵਾ-ਸੰਭਾਲ ਕੀਤੀ ਜਾਂਦੀ। ਇਸ ਸਮੇਂ ਤਿੰਨ ਹਸਪਤਾਲ ਕੰਮ ਕਰ ਰਹੇ ਸਨ ਜਿਨ੍ਹਾਂ ਦਾ ਰੋਜ਼ਾਨਾ ਤਿੰਨ ਹਜ਼ਾਰ ਰੁਪਿਆ ਖਰਚ ਪੈਂਦਾ ਸੀ ਪਰ ਬਾਵਜੂਦ ਇਤਨੀ ਸਖਤੀ ਦੇ ਕਿਸੇ ਸਿੰਘ ਨੇ ਸ਼ਾਂਤਮਈ ਦੀ ਪ੍ਰਤਿੱਗਿਆ ਨਾ ਤੋੜੀ। 2 ਸਤੰਬਰ ਨੂੰ ਪੰਡਤ ਮਦਨ ਮੋਹਨ ਮਾਲਵੀ ਜੀ ਨੇ ਵੀ ਸਿੱਖਾਂ ਦੇ ਇਸ ਅਦੁੱਤੀ ਸੱਤਿਆਗ੍ਰਹਿ ਨੂੰ ਅੱਖੀਂ ਦੇਖ ਕੇ ਪ੍ਰਸ਼ੰਸਾ ਤੇ ਹਮਦਰਦੀ ਕੀਤੀ। 3 ਸਤੰਬਰ ਨੂੰ ਮੁਸਲਮਾਨਾਂ ਖ਼ੈਰ ਦੀਨ ਦੀ ਮਸਜਿਦ ਵਿਚ ਸੱਤਿਆਗ੍ਰਹੀ ਸਿੱਖਾਂ ਨਾਲ ਹਮਦਰਦੀ ਕਰਦਿਆਂ ਰੱਬ ਅੱਗੇ ਦੁਆ ਕੀਤੀ। 9 ਸਤੰਬਰ ਨੂੰ ਪੁਲਿਸ ਨੇ ਰਾਹ ਦੀ ਚੌਂਕੀ ਉਠਾ ਲਈ ਤੇ ਰਸਤੇ ਵਿਚ ਕੀਤੀ ਜਾਂਦੀ ਮਾਰ-ਕੁਟਾਈ ਬੰਦ ਕਰ ਦਿੱਤੀ ਤੇ ਜਥਾ ਸਿੱਧਾ ਗੁਰੂ ਕੇ ਬਾਗ ਵਿਚ ਪਹੁੰਚਿਆ। ਮਿ. ਬੀ.ਟੀ. ਡਿਪਟੀ ਸੁਪ੍ਰਟੰਡ ਪੁਲਿਸ ਨੇ ਖੂਬ ਕੁਟਾਈ ਕਰਵਾਈ ਪਰ ਸਿੰਘਾਂ ਦੀ ਕੁਰਬਾਨੀ ਤੇ ਧਾਰਮਿਕ ਉਤਸ਼ਾਹ ਵੀ ਲਾਸਾਨੀ ਸੀ। ਉਹ ਡਾਂਗਾਂ ਦੀਆਂ ਮਾਰਾਂ ਖਾਂਦੇ ‘ਵਾਹਿਗੁਰੂ ਵਾਹਿਗੁਰੂ’ ਆਖਦੇ ਤੇ ਕਈ ਵੇਰ ਇਹ ਵੀ ਕਹਿੰਦੇ ‘ਹੋਰ ਗੱਫੇ ਬਖਸ਼ੋ।’ ਸਿੱਖਾਂ ਦੀ ਅਜਿਹੀ ਸਪਿਰਟ ਦੇਖ ਦੇਖ ਹਰ ਗੈਰ ਸਿੱਖ ਨੇ ਵੀ ਇਸ ਦੀ ਪ੍ਰਸ਼ੰਸਾ ਕੀਤੀ।
‘ਮੁਸਲਮ ਆਊਟ ਲੁਕ’ 7 ਸਤੰਬਰ 1922 ਦੇ ਪਰਚੇ ਵਿਚ ਲਿਖਦਾ ਹੈ, ਜਿਤਨੀ ਦੇਰ ਮਾਰ ਪੈਂਦੀ ਰਹੀ, ਨਗਾਰਾ ਵੱਜਦਾ ਰਿਹਾ, ਅਕਾਲੀ ਜ਼ਮੀਨ ’ਤੇ ਬੈਠ ਗਏ, ਉਨ੍ਹਾਂ ਦੀ ਪਿੱਠ, ਟੰਗਾਂ, ਗਿੱਟਿਆਂ ਤੇ ਕਈ ਹੋਰ ਹਿੱਸਿਆਂ ਤੇ ਡਾਂਗਾਂ ਮਾਰੀਆਂ ਗਈਆਂ। ਇਹ ਮਾਰ ਬਹੁਤ ਜ਼ਿਆਦਾ ਜ਼ਾਲਮਾਨਾ ਤੇ ਬੇਰਹਿਮੀ-ਭਰੀ ਸੀ, ਇਸ ਨੂੰ ਵੇਖਿਆ ਨਹੀਂ ਸੀ ਜਾ ਸਕਦਾ। ਇਸੇ ਤਰ੍ਹਾਂ ਡਾ. ਖਾਨ ਚੰਦ ਦੇਵਾ ਅਕਾਲੀਆਂ ਦੀ ਮਾਨਸਕ ਦ੍ਰਿੜ੍ਹਤਾ ਦੀ ਪ੍ਰਸ਼ੰਸਾ ਕਰਦੇ ਕਹਿੰਦੇ ਹਨ, ‘ਇਹ ਅਕਾਲੀ ਲਹੂ ਹੱਡੀਆਂ ਦੇ ਨਹੀਂ ਸੀ ਬਣੇ ਹੋਏ, ਨਾ ਹੀ ਇਨ੍ਹਾਂ ਵਿਚ ਆਮ ਮਨੁੱਖਾਂ ਵਾਲੀ ਰੂਹ ਸੀ। ਇਨ੍ਹਾਂ ਦੀ ਸਰੀਰ ਤੇ ਰੂਹਾਨੀ ਸ਼ਕਤੀ ਸਚਮੁਚ ਅੰਦਾਜ਼ੇ ਤੋਂ ਬਾਹਰ ਸੀ।’ ਇਸੇ ਤਰ੍ਹਾਂ ਖਿਲਾਫਤ ਕਮੇਟੀ ਦੇ ਮੁਖੀ ਮਿਰਜ਼ਾ ਯਾਕੂਬ ਬੇਗ ਜਿਨ੍ਹਾਂ ਕਾਫੀ ਅਰਸਾ ਜ਼ਖਮੀਆਂ ਦੀ ਡਾਕਟਰੀ ਸੇਵਾ ਕੀਤੀ, ਲਿਖਦੇ ਹਨ, ‘ਸਿੱਖ ਪੰਜਾਬ ਦੀਆਂ ਸਾਰੀਆਂ ਕੌਮਾਂ ਨਾਲੋਂ ਸਖਤ ਜਾਨ ਹਨ। ਜੇ ਇਤਨਾ ਕੁਟਾਪਾ ਕਿਸੇ ਹੋਰ ਕੌਮ ’ਤੇ ਹੁੰਦਾ ਤਾਂ ਉਹ ਬਹੁਤ ਦੁਖ ਮੰਨਦੀ। ਮੈਂ ਕਿਸੇ ਆਦਮੀ ਨੂੰ ਮਾਰ ਪੈਣ ਤੇ ‘ਹਾਇ ਹਾਇ’ ਕਰਦਿਆਂ ਨਹੀਂ ਦੇਖਿਆ ਤੇ ਨਾ ਹੀ ਕਿਸੇ ਨੇ ਕੁਟਾਈ ਤੋਂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਪਰਤੱਖ ਤੱਕਿਆ ਕਿ ਪੁਲਿਸ ਅੰਦਰ ਜ਼ੁਲਮ ਤੇ ਅਕਾਲੀਆਂ ਵਿਚ ਰੱਬ ਵੱਸਦਾ ਸੀ।
12 ਸਤੰਬਰ ਨੂੰ ਪਾਦਰੀ ਸੀ. ਐਫ. ਐਂਡ੍ਰਿਊਜ਼ ਨੇ ਆਪ ਆ ਕੇ ਮਾਰ-ਕੁਟਾਈ ਹੁੰਦੀ ਤੱਕੀ ਤੇ ਇਸ ਬਾਰੇ ਗਵਰਨਰ ਪੰਜਾਬ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਸੈਂਕੜੇ ਈਸਾਮਸੀਹ ਰੋਜ਼ਾਨਾ ਤਸੀਹਿਆਂ ਦਾ ਸ਼ਿਕਾਰ ਹੋ ਰਹੇ ਹਨ ਜੋ ਸੰਸਾਰ ਨੂੰ ਸ਼ਾਂਤਮਈ ਤੇ ਸਾਹਸ ਦਾ ਨਵਾਂ ਸਬਕ ਸਿਖਾ ਰਹੇ ਹਨ। 13 ਸਤੰਬਰ ਨੂੰ ਗਵਰਨਰ ਸਰ ਐਡਵਰਡ ਮੈਕਲੇਗਨ ਵੀ ਗੁਰੂ ਕੇ ਬਾਗ ਪਹੁੰਚਿਆ। ਉਸ ਦੇ ਹੁਕਮ ਨਾਲ ਅੱਗੇ ਤੋਂ ਮਾਰ ਕੁਟਾਈ ਬੰਦ ਹੋਈ ਤੇ ਗ੍ਰਿਫਤਾਰੀਆਂ ਹੋਣ ਲੱਗੀਆਂ। ਹੁਣ ਤੱਕ 1300 ਦੇ ਲਗਭਗ ਗ੍ਰਿਫਤਾਰੀ ਹੋ ਚੁੱਕੀ ਸੀ। ਪਹਿਲੇ 20, 20 ਸਿੰਘਾਂ ਦਾ ਜਥਾ ਜਾਂਦਾ ਰਿਹਾ ਅਤੇ 10 ਅਕਤੂਬਰ ਤੋਂ ਫਿਰ ਸੌ ਸੌ ਦਾ ਜਥਾ ਰੋਜ਼ਾਨਾ ਜਾਣ ਲੱਗਾ। 25 ਅਕਤੂਬਰ ਨੂੰ ਰਸਾਲਦਾਰ ਅਨੂਪ ਸਿੰਘ ਜੀ ਜਥੇਦਾਰੀ ਹੇਠ ਸੌ ਫੌਜੀ ਸਿੱਖ ਪੈਨਸ਼ਨਰਾਂ ਦਾ ਜਥਾ ਗਿਆ। ਦੂਰ ਦੂਰ ਤੋਂ ਹਿੰਦੂ ਮੁਸਲਮਾਨ ਸਿੰਘਾਂ ਦੇ ਇਸ ਮੋਰਚੇ ਨੂੰ ਵੇਖਣ ਲਈ ਆਉਂਦੇ ਤੇ ਸਰਕਾਰ ਨੂੰ ਫਿਟਕਾਰਾਂ ਪਾਉਂਦੇ ਜਾਂਦੇ ਸਨ। ਸੱਯਦ ਬੁੱਧੂ ਸ਼ਾਹ ਦੀ ਸੰਤਾਨ ਨੇ ਵੀ ਇਸ ਸੱਤਿਆਗ੍ਰਹਿ ਲਈ ਆਪਣਾ ਆਪ ਪੇਸ਼ ਕੀਤਾ। ਗ੍ਰਿਫਤਾਰ ਹੋਣ ਵਾਲੇ ਸਿੰਘਾਂ ਨੂੰ ਸਰਕਾਰ ਭੁੱਖਣ-ਭਾਣੇ ਲਿਜਾ ਕੇ ਦੂਰ ਦੂਰ ਦੇ ਜੇਲ੍ਹਖਾਨਿਆਂ ਵਿਚ ਸੁਟਦੀ ਜਾ ਰਹੀ ਸੀ ਕਿਉਂਕਿ ਪੰਜਾਬ ਦੀਆਂ ਜੇਲ੍ਹਾਂ ਸਰਕਾਰੀ ਜ਼ੁਲਮ ਨਾਲ ਨੱਕੋ-ਨੱਕ ਭਰੀਆਂ ਪਈਆਂ ਸਨ ਤੇ ਕੋਈ ਥਾਂ ਨਹੀਂ ਸੀ ਰਿਹਾ।
ਸਾਕੇ ਵਿਚ ਸਾਕਾ
30 ਅਕਤੂਬਰ 1922 ਨੂੰ ਗੁਰੂ ਕੇ ਬਾਗ ਦੇ ਮੋਰਚੇ ਦੇ ਸਿੰਘ ਕੈਦੀਆਂ ਦੀ ਗੱਡੀ ਅਟਕ ਜੇਲ੍ਹ ਵੱਲ ਲਿਜਾਈ ਜਾ ਰਹੀ ਸੀ। ਪੰਜਾਂ ਸਾਹਿਬ ਦੇ ਸਿੰਘਾਂ ਇਨ੍ਹਾਂ ਕੈਦੀ ਭਰਾਵਾਂ ਨੂੰ ਦੁੱਧ ਪਾਣੀ ਛਕਾਉਣ ਦਾ ਵੀਚਾਰ ਬਣਾਇਆ। ਸਟੇਸ਼ਨ ਮਾਸਟਰ ਗੱਡੀ ਖੜ੍ਹੀ ਕਰਨਾ ਨਾ ਮੰਨਿਆ। ਕਈ ਸਿੰਘ ਗੱਡੀ ਮੂਹਰੇ ਬੈਠ ਗਏ, ਉਨ੍ਹਾਂ ਕਿਹਾ, ‘ਸਾਡਾ ਭਾਵੇਂ ਸਰੀਰ ਲੱਥ ਜਾਵੇ, ਅਸੀਂ ਆਪਣੇ ਭੁੱਖੇ ਭਰਾਵਾਂ ਦੀ ਜ਼ਰੂਰ ਟਹਿਲ ਕਰਨੀ ਹੈ।’ ਇੰਜਨ ਚਲਦਾ ਲੰਘ ਗਿਆ ਤੇ ਗੱਡੀ ਖੜ੍ਹੀ ਹੋ ਗਈ। ਭਾਈ ਪਰਤਾਪ ਸਿੰਘ ਖਜ਼ਾਨਚੀ ਗੁਰਦੁਆਰਾ ਪੰਜਾ ਸਾਹਿਬ ਤੇ ਭਾਈ ਕਰਮ ਸਿੰਘ ਜੋ ਯਾਤਰਾ ਲਈ ਆਏ ਸਨ, ਦੋਵੇਂ ਸਿੰਘ ਥਾਂ ਸ਼ਹੀਦ ਹੋ ਗਏ ਤੇ 6 ਸਿੰਘ ਬਹੁਤ ਜ਼ਖ਼ਮੀ ਹੋਏ।
ਇਉਂ ਹਰ ਥਾਂ ਸਿੰਘਾਂ ਦੇ ਮਨ ਵਿਚ ਕੁਰਬਾਨੀਆਂ ਦਾ ਚਾਅ ਠਾਠਾਂ ਮਾਰ ਰਿਹਾ ਸੀ। ਇਧਰ ਬੀ.ਟੀ. ਦੀਆਂ ਡਾਂਗਾਂ ਝੱਲੀਆਂ ਜਾ ਰਹੀਆਂ ਸਨ ਅਤੇ ਉਧਰ ਇੰਜਨਾਂ ਦਾ ਮੁਕਾਬਲਾ ਹੋ ਰਿਹਾ ਸੀ। ਸਿੱਖਾਂ ਨੂੰ ਜਾਨ ਨਾਲੋਂ ਧਰਮ ਦੀ ਕੀਮਤ ਸਾਫ਼ ਵਧ ਨਜ਼ਰ ਆਉਂਦੀ ਸੀ।
ਗੁਰੂ ਕੇ ਬਾਗ ਦਾ ਸੱਤਿਆਗ੍ਰਹਿ, ਮਾਰ ਕੁਟਾਈ ਤੇ ਗ੍ਰਿਫਤਾਰੀਆਂ ਦਾ ਸਿਲਸਿਲਾ 17 ਨਵੰਬਰ ਨੂੰ ਖਤਮ ਹੋਇਆ ਜਦੋਂ ਹਾਰੀ ਹੋਈ ਸਰਕਾਰ ਨੇ ਸਰ ਗੰਗਾ ਰਾਮ ਨੂੰ ਆਖਿਆ ਕਿ ਉਹ ਗੁਰੂ ਕੇ ਬਾਗ ਦੀ ਜ਼ਮੀਨ ਠੇਕੇ ਤੇ ਲੈ ਲਵੋ। ਇਹ ਤਾਂ ਇਕ ਬਹਾਨਾ ਸੀ। ਗੰਗਾ ਰਾਮ ਨੇ ਜ਼ਮੀਨ ਠੇਕੇ ਤੇ ਲਿਖਾ ਲਈ ਤੇ ਪੁਲਿਸ ਨੂੰ ਕਿਹਾ, ‘‘ਜਾਓ, ਮੈਨੂੰ ਤੁਹਾਡੀ ਲੋੜ ਨਹੀਂ।’ ਇਉਂ ਗੁਰੂ ਕੇ ਬਾਗ ਦਾ ਮੋਰਚਾ ਖ਼ਤਮ ਹੋਇਆ। ਕੁੱਲ 5605 ਕੈਦ ਹੋਏ, ਜਿਸ ਵਿਚ 30 ਸ਼੍ਰੋਮਣੀ ਕਮੇਟੀ ਦੇ ਵੀ ਮੈਂਬਰ ਸਨ।

ਮੱਸਿਆ ਦਾ ਦਿਹਾੜਾ (23 ਜੁਲਾਈ 2017)

ਸ਼੍ਰੀਮਾਨ ੧੧੧ ਸੰਤ ਬਾਬਾ ਅਤਰ ਸਿੰਘ ਜੀ  ਮਹਾਰਾਜ ਉਹਨਾਂ ਦੇ  ਵਰੋਸਾਏ ਅਸਥਾਨ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ 23 ਜੁਲਾਈ 2017 ਦਿਨ ਐਤਵਾਰ (8ਸਾਵਣ) ਨੂੰ ਮੱਸਿਆ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜੀ ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

ਸਾਵਣਿ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ 16 ਜੁਲਾਈ 2017(ਦਿਨ ਐਤਵਾਰ)

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ