ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਇਤਿਹਾਸ

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਇਤਿਹਾਸ (HISTORY OF BABA AJIT SINGH JI )

ਸਾਹਿਬਜਾਦਾ ਅਜੀਤ ਸਿੰਘ ਜੀ, ਦਸਮੇਸ਼ ਪਿਤਾ “ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ” ਦੇ ਸਭ ਤੋਂ ਵੱਡੇ ਸਪੁੱਤਰ ਸਨ ! ਆਪ ਜੀ ਦਾ ਜਨਮ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖ ਤੋਂ ਹੋਇਆ।
ਆਪ ਜੀ ਦੀ ਸ਼ਸਤਰ ਵਿਦਿਆ ਦੀ ਸਿਖਲਾਈ ਅਤੇ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ।
ਘੋੜ ਸਵਾਰੀ, ਸ਼ਸਤਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਬਹੁਤ ਨਿਪੁੰਨ ਸਨ ।

ਸਾਹਿਬਜ਼ਾਦਾ ਜੀ ਆਪਣੇ ਜੀਵਨ ਕਾਲ ਦੇ ਆਰੰਭ ਤੋਂ ਹੀ ਸਿਖੀ-ਸਿਦਕ ਵਿੱਚ ਨਿਪੁੰਨ ” ਸ਼੍ਰੀ ਗੁਰੂ ਅਰਜਨ ਸਾਹਿਬ ਜੀ” ਅਤੇ “ਗੁਰੂ ਤੇਗ ਬਹਾਦੁਰ ਸਾਹਿਬ ਜੀ” ਦੇ ਜੀਵਨ ਕਿੱਸੇ ਸੁਣ-ਸੁਣ ਕੇ ਵੱਡੇ ਹੋਏ ਸਨ ਸੋ ਆਪ ਜੀ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਈ ਜੰਗਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ !

ਆਪ ਜੀ ਦੁਆਰਾ ਲੜ੍ਹੀਆਂ ਗਈਆਂ ਜੰਗਾਂ ਦਾ ਵੇਰਵਾ:

ਨੂਹ ਰੰਘੜ ਦੀ ਜੰਗ:-

ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ, ਸੰਗਤ ਦੇ ਇੱਕ ਟੋਲੇ ਨੂੰ ਪੋਠੋਹਾਰ ਵਿੱਖੇ, ਨੂਹ ਰੰਘੜ ਨੇ ਆਣ ਲੁੱਟਿਆ ! ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪਤਾ ਲੱਗਾ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ (੧੨ ਸਾਲ ਦੀ ਓੁਮਰ ਵਿੱਚ) ਉਸ ਕੂਕਰ ਦਾ ਮੁਕਾਬਲਾ ਕਰਨ ਲਈ ਭੇਜਿਆ ਗਿਆ ! ਸਾਹਿਬਜ਼ਾਦਾ ਅਜੀਤ ਸਿੰਘ ਜੀ ੧੦੦ ਸਿੰਘਾਂ ਦੇ ਜੱਥੇ ਸਮੇਤ ਰਵਾਨਾ ਹੋਏ ਅਤੇ ਜਿੱਤ ਹਾਸਿਲ ਕਰ ਕੇ ਪਰਤੇ !

ਤਾਰਾਗੜ, ਨਿਰਮੋਹਗੜ ਦੀ ਜੰਗ:-

ਆਨੰਦਪੁਰ ਸਾਹਿਬ ਦੇ ਹਮਲੇ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਾਰਾਗੜ ਅਤੇ ਨਿਰਮੋਹਗੜ ਦੇ ਕਿਲੇ ਦੀ ਜ਼ਿੰਮੇਦਾਰੀ ਸੌੰਪੀ ਗਈ ! ਆਪ ਜੀ ਨੇ ਸੂਰਬੀਰਤਾ ਨਾਲ ਮੁਕਾਬਲਾ ਕਰਦੇ ਹੋਏ ਜਿੱਤ ਹਾਸਿਲ ਕੀਤੀ ਅਤੇ ਮੁਘਲਾਂ ਦੀਆਂ ਫੌਜਾਂ ਨੂੰ ਮਾਰ ਭਜਾਇਆ ! ਇਹ ਵਾਰਤਾ ੧੭੦੦ ਦੀ ਹੈ !

ਸਾਕਾ ਚਮਕੌਰ ਸਾਹਿਬ :-

੧੭੦੫ ਵਿੱਚ ਮੁਘਲਾਂ ਨੇ ਆਨੰਦਪੁਰ ਸਾਹਿਬ ਵਿੱਖੇ ਹਮਲਾ ਕੀਤਾ ! ਫੌਜਦਾਰ ਨੇ ਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਵਾਇਦਾ, (Promise) ਕੀਤਾ ਕੀ ਜੇਕਰ ਕਿਲ੍ਹਾ ਖਾਲੀ ਕਰ ਦਿਤਾ ਜਾਵੇ ਤਾ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ ! ਗੁਰੂ ਸਾਹਿਬ ਨੇ ਉਸ ਉੱਤੇ ਯਕੀਨ ਕਰਦੇ ਹੋਏ ਅਤੇ ਸਭ ਸੰਗਤ, ਜੱਥੇ ਦੇ ਜੋਰ ਪਾਉਣ ਤੇ 19-20 ਦਸੰਬਰ 1705 ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ ! ਗੁਰੂ ਸਾਹਿਬ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਭਾਈ ਉਦੈ ਸਿੰਘ ਜੀ ਨੂੰ ਸੰਗਤ ਦੀ ਰੱਖਿਆ ਦੇ ਹੁਕਮ ਦਿੱਤੇ ਪਰ ਫੌਜਦਾਰ ਨੇ ਆਪਣੀ ਕੂੜ-ਮਤ ਦਾ ਪ੍ਰਚਾਰ ਕਰਦੇ ਹੋਏ ਸ਼ਾਹੀ-ਟਿੱਬੀ ਵਿਖੇ ਹਮਲਾ ਕਰ ਦਿੱਤਾ !
ਸਰਸਾ ਨਦੀ ਦੇ ਕੰਢੇ ਭਾਰੀ ਲੜਾਈ ਹੋਈ, ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਅਗਵਾਈ ਕੀਤੀ ਜਦੋਂ ਬਾਕੀ ਸਿੰਘ ਸਰਸਾ ਨਦੀ ਪਾਰ ਕਰ ਗਏ ਪਿੱਛੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਸਰਸਾ ਪਾਰ ਕੀਤੀ। ਇਥੇ ਹੀ ਪਰਿਵਾਰ ਵਿਛੋੜਾ ਪੈ ਗਿਆ ਅਤੇ ਛੋਟੇ ਸਾਹਿਬਜ਼ਾਦੇ ( ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ) ਅਤੇ ਮਾਤਾ ਗੁਜਰ ਕੌਰ ਜੀ ਵੱਖ ਹੋ ਗਏ !

ਇਸ ਉਪਰੰਤ ਗੁਰੂ ਸਾਹਿਬ ਬਾਕੀ 40 ਸਿੰਘਾ ਸਮਤੇ ਸਰਸਾ ਪਾਰ ਕਰਨ ਉਪਰੰਤ ਚਮਕੌਰ ਸਾਹਿਬ ਪਹੁੰਚੇ। ਇਥੇ ਚੌਧਰੀ ਬੁਧੀ ਚੰਦ ਦੀ ਇੱਕ ਗੜ੍ਹੀ, ਹਵੇਲੀ ਸੀ ਜਿਸ ਵਿੱਚ ਗੁਰੂ ਜੀ ਦੋ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਦਾ ਡੱਟ ਕੇ ਸਾਹਮਣਾ ਕੀਤਾ, ਘਮਾਸਾਨ ਯੁੱਧ ਹੋਇਆ ਜਿਸ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ ਨੇ ਸੂਰਬੀਰਤਾ ਨਾਲ ਮੁਗਲ ਫੌਜ ਦਾ ਸਾਹਮਣਾ ਕੀਤਾ ਅਤੇ ਸ਼ਹੀਦੀ ਦਾ ਜਾਮ ਪੀ ਗਏ !

” ਐਸੀ ਮਰਨੀ ਜੋ ਮਰੈ ਬਹੁਰਿ ਨਾ ਮਰਨਾ ਹੋਇ !! ੧ !!

ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ ਜੀ !!

ਭਾਈ ਜੀਵਨ ਸਿੰਘ (ਭਾਈ ਜੈਤਾ ਜੀ ) ਦਾ ਸਹੀਦੀ ਦਿਹਾੜਾ

ਭਾਈ ਜੈਤਾ ਜੀ ਨਾ ਜਨਮ 1649 ਈ. ਨੂੰ ਭਾਈ ਸਦਾ ਨੰਦ ਜੀ ਦੇ ਘਰ ਮਾਤਾ ਪ੍ਰੇਮੋ ਜੀ ਕੁੱਖੋ ਪਟਨਾ ਸਾਹਿਬ ਵਿਖੇ ਹੋਇਆ। ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਆਪ ਜੀ ਨੂੰ ਜੈਤਾ ਨਾਮ ਦਿੱਤਾ। ਆਪ ਜੀ ਇਕ ਜਬਰਦਸਤ ਜਰਨੈਲ, ਕਵੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹਜੂਰੀ ਸਿੰਘਾਂ ਵਿਚੋ ਇਕ ਸਨ।
ਭਾਈ ਜੈਤਾ ਜੀ ਅਤੇ ਆਪ ਜੀ ਭਰਾਤਾ ਭਾਗ ਚੰਦ, ਸਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਜੀ ਵੇਲੇ ਤੋ ਸਿੱਖੀ ਨਾਲ ਜੁੜ ਗਏ ਸਨ। ਆਪ ਜੀ ਦਾ ਪਰਿਵਾਰ ਭਾਈ ਗੁਰਦਿੱਤਾ ਜੀ ਜੋ ਬਾਬਾ ਬੁਢਾ ਜੀ ਦੇ ਪੋਤਰੇ ਸਨ, ਨਾਲ ਕੀਰਤਪੁਰ ਸਾਹਿਬ ਵਸ ਗਿਆ। ਜਦੋ ਗੁਰੂ ਹਰ ਰਾਇ ਸਾਹਿਬ ਜੀ ਜੋਤੀ-ਜੋਤ ਸਮਾਏ ਉਸ ਵੇਲੇ ਬਾਬਾ ਗੁਰਦਿੱਤਾ ਜੀ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਪਾਸ ਹੀ ਸਨ। ਬਾਬਾ ਗੁਰਦਿੱਤਾ ਜੀ ਨੇ ਨੋਵੇ ਪਾਤਸ਼ਾਹ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਗੁਰਗੱਦੀ ਤਿਲਕ ਲਗਾਇਆ।
ਜਦ ਨੋਵੇ ਪਾਤਸ਼ਾਹ ਗੁਰੂ ਤੇਗ ਬਹਾਦੁਰ ਜੀ ਤਿਲਕ-ਜੰਜੂ ਦੀ ਰੱਖਇਆ ਲਈ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਚਲੇ ਤਾਂ ਗੁਰੂ ਤੇਗ ਬਹਾਦੁਰ ਜੀ ਨੇ ਦਸਵੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਤਿਲਕ ਲਗਾਉਣ ਦੀ ਸੇਵਾ ਗੁਰੂ ਜੀ ਨੇ ਭਾਈ ਗੁਰਦਿੱਤਾ ਜੀ ਪਾਸੋ ਕਰਵਾਈ ।
ਗੁਰੂ ਤੇਗ ਬਹਾਦੁਰ ਜੀ ਦੇ ਦਿੱਲੀ ਨੂੰ ਚਲਾਣੇ ਤੋਂ ਕੁੱਜ ਦਿਨ ਬਾਅਦ ਸਿੱਖ ਸੰਗਤ ਨੇ ਗੁਰੂ ਸਾਹਿਬ ਜੀ ਦੀ ਖਬਰ ਲੇਆਉਣ ਦੀ ਸੇਵਾ ਭਾਈ ਜੈਤਾ ਜੀ ਦੀ ਲਗਾਈ। ਜਦ ਆਪ ਦਿੱਲੀ ਪਹੁੰਚੇ ਤਾਂ ਗੁਰੂ ਤੇਗ ਬਹਾਦੁਰ ਜੀ ਜਨਤਕ ਤੌਰ ਤੇ ਚਾਂਦਨੀ ਚੌਂਕ ਵਿਖੇ ਸ਼ਹੀਦੀ ਪ੍ਰਾਪਤ ਕਰ ਗਏ ਸਨ ਅਤੇ ਉਹਨਾਂ ਦਾ ਪਾਵਨ ਸ਼ਹੀਦੀ ਸਰੂਪ ਚਾਂਦਨੀ ਚੋਂਕ ਵਿਖੇ ਸੁਰਖਿਆ ਪੈਰੇ ਹੇਠ ਪਿਆ ਸੀ। ਆਪ ਜੀ ਸੁਰਖਿਆ ਕਰਮਚਾਰੀਆਂ ਨੂੰ ਚਕਮਾ ਦੇ ਗੁਰੂ ਜੀ ਦਾ ਪਾਵਨ ਸੀਸ ਅਨੰਦਪੁਰ ਸਾਹਿਬ ਲੈ ਆਏ। ਏਸ ਉਪਰੰਤ ਗੁਰੂ ਗੋਬਿੰਦ ਰਾਏ ਜੀ ਨੇ ਆਪ ਜੀ ਨੂੰ ਛਾਤੀ ਨਾਲ ਲਗਾ “ਰੰਗਰੇਟਾ ਗੁਰੂ ਕਾ ਬੇਟਾ” ਦਾ ਵਰ ਦਿੱਤਾ।
ਏਸ ਵੇਲੇ ਆਪ ਜੀ ਨੇ ਆਪਣਾ ਨਿਵਾਸ ਅਨੰਦਪੁਰ ਸਾਹਿਬ ਵਿਖੇ ਕਰ ਲਿਆ ਸੀ। 1699 ਦੀ ਵੇਸਾਖੀ ਤੋਂ ਖ਼ਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਆਪ ਨੇ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅਮ੍ਰਿਤ ਦੀ ਦਾਤ ਲੈ ਕੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣ ਗਏ। ਆਪ ਜੀ ਦਾ ਅਨੰਦ ਕਾਰਜ ਬੀਬੀ ਰਾਜ ਕੌਰ ਪੁਤਰੀ ਸੁਜਾਨ ਸਿੰਘ ( ਪਿੰਡ ਰਿਆੜ, ਅੰਮ੍ਰਿਤਸਰ ਤੋਂ ) ਨਾਲ ਹੋਇਆ ਜੇਸਤੋ ਆਪ ਦੇ ਘਰ 4 ਪੁਤਰ: : ਭਾਈ ਸੁੱਖਾ ਸਿੰਘ, ਭਾਈ ਸੇਵਾ ਸਿੰਘ, ਭਾਈ ਗੁਲਜ਼ਾਰ ਸਿੰਘ ਅਤੇ ਭਾਈ ਗੁਰਦਿਆਲ ਸਿੰਘ ਦਾ ਜਨਮ ਹੋਇਆ ਜੋ ਸਬ ਮੈਦਾਨੇ ਜੰਗ ਵਿਚ ਸਹੀਦ ਹੋਏ। ਆਪ ਜੀ ਦੇ ਮਾਤਾ-ਪਿਤਾ ਅਤੇ ਪਰਿਵਾਰ ਦੇ

ਹੋਰ ਮੈਂਬਰ ਸ਼ਹੀਦ ਹੋਏ।
ਆਪ ਜੀ ਇਕ ਮਹਾਨ ਜਰਨੇਲ ਹੋਏ। ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ 15 ਜੰਗਾਂ ਲੜੀਆਂ ਅਤੇ ਸਿੱਖ ਫੌਜ ਦਾ ਅਗਾਂਹ ਵਧ ਕੇ ਪੂਰਾ ਸਾਥ ਦਿੱਤਾ। ਆਪ ਜੀ ਬਾਰੇ ਪਰਚਲਤ ਹੈ ਕਿ ਆਪ ਜੀ ਜੰਗ ਵਿਚ ਘੋੜ੍ਹੇ ਉੱਤੇ ਸੁਆਰ ਹੋ ਘੋੜੇ ਦੀ ਲਗਾਮ ਮੂਹ ਨਾਲ ਫੜ ਦੋਨਾ ਹਥਾਂ ਵਿਚ ਤਲਵਾਰ ਲੇਂਦੇ ਅਤੇ ਦੁਸ਼ਮਣਾ ਦੇ ਆਹੂ ਲਾਹੁੰਦੇ।
ਆਪ ਮਹਾਨ ਜਰਨੇਲ ਹੋਣ ਦੇ ਨਾਲ-ਨਾਲ ਇਕ ਮਹਾਂ ਕਵੀ ਅਤੇ ਲਿਖਾਰੀ ਵੀ ਸਨ। “ਸ੍ਰੀ ਗੁਰ ਕਥਾ” ਨਾਮ ਦਾ ਗੰਥ ਲਿਖਿਆ ਜਿਸ ਵਿਚ ਆਪ ਨੇ ਗੁਰੂ ਸਾਹਿਬਾਨਾ ਦੀ ਮੈਹਮਾ ਗਾਇਨ ਕੀਤੀ ਹੈ। ਇਸ ਵਿਚ ਆਪਨੇ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦਾ ਵਰਣਨ, ਖਾਲਸਾ ਪੰਥ ਦੀ ਸਿਰਜਨਾ ਦਾ ਵਰਣਨ, ਪੰਜਾ ਕਕਾਰਾਂ ਦੀ ਮਹਤਵੱਤਾ, ਸਿਖ ਰਿਹਤ ਮਾਰਿਆਦਾ ਅਤੇ ਭਾਈ ਸਦਾ ਨੰਦ ਆਦਿ ਦਾ ਖਾਸ ਵਰਣਨ ਕੀਤਾ ਹੈ। ਆਪ ਜੀ ਲਿੱਖਤ ਤੋਂ ਆਪ ਜੀ ਦਾ ਗੁਰੂਆਂ ਪ੍ਰਤੀ ਅਤਿ-ਪ੍ਰੇਮ ਝਲਕਦਾ ਹੈ।
ਆਪ ਜੀ ਨੇ ਦਸੰਬਰ 1705 ਨੂੰ ਚਮਕੌਰ ਦੀ ਗੜੀ ਵਿਖੇ ਸਹੀਦੀ ਪ੍ਰਾਪਤ ਕੀਤੀ। ਆਪ ਜੀ ਦਸਵੇਂ ਪਾਤਸ਼ਾਹ ਜੀ ਦੀ ਅਸ਼ੀਰਵਾਦ ਨਾਲ ਸ਼੍ਰੋਮਣੀ ਜਰਨੈਲ ਬਣੇ, ਉਥੇ ਉਹ ਮੁਕੰਮਲ ਸ਼ਹੀਦ ਪਰਿਵਾਰ ਦਾ ਮੁਕਟ ਵੀ ਬਣੇ। ਆਪ ਜੀ ਦੇ ਸ਼ਹੀਦੀ ਅਸਥਾਨ ਉਤੇ ਆਪ ਜੀ ਦੀ ਜਾਦ ਵਿਚ ਗੁਰੂਦਵਾਰਾ ਗੁਰਜ ਸਾਹਿਬ ਸ਼ੁਸ਼ੋਬਿਤ ਹੈ। ਬੀਬੀ ਸ਼ਰਨ ਕੌਰ ਜੀ ਨੇ ਆਪ ਜੀ ਸਸਕਾਰ ਕਿੱਤਾ।

ਸੋਮਵਾਰੀ ਮੱਸਿਆ ਦਾ ਦਿਹਾੜਾ

ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ (ਮਸਤੂਆਣਾ ਸਾਹਿਬ) ਸੰਗਰੂਰ ਵਿਖੇ 18 ਦਸੰਬਰ 2017 ਦਿਨ ਸੋਮਵਾਰ (4 ਪੋਹ) ਨੂੰ ਮੱਸਿਆ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਜੀ

ਪੋਹ ਮਹੀਨੇ ਦੀ ਸੰਗ੍ਰਾਂਦ ਦਾ ਦਿਹਾੜਾ

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥ ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥ ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥ ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥ ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥
ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ੴ ਸਤਿਗੁਰ ਪ੍ਰਸਾਦਿ ॥
ਪੋਹ ਦੇ ਮਹੀਨੇ ਜਿਸ ਜੀਵ-ਇਸਤ੍ਰੀ ਦੇ ਗਲ ਨਾਲ (ਹਿਰਦੇ ਵਿਚ) ਪ੍ਰਭੂ-ਪਤੀ ਲੱਗਾ ਹੋਇਆ ਹੋਵੇ ਉਸ ਨੂੰ ਕੱਕਰ (ਮਨ ਦੀ ਕਠੋਰਤਾ, ਕੋਰਾਪਨ) ਜ਼ੋਰ ਨਹੀਂ ਪਾ ਸਕਦਾ, (ਕਿਉਂਕਿ) ਉਸਦੀ ਬ੍ਰਿਤੀ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਜੁੜੀ ਰਹਿੰਦੀ ਹੈ, ਉਸ ਦਾ ਮਨ ਪ੍ਰਭੂ ਦੇ ਸੋਹਣੇ ਚਰਨਾਂ ਵਿਚ ਵਿੱਝਾ ਰਹਿੰਦਾ ਹੈ । ਜਿਸ ਜੀਵ-ਇਸਤ੍ਰੀ ਨੇ ਗੋਬਿੰਦ ਗੋਪਾਲ ਦਾ ਆਸਰਾ ਲਿਆ ਹੈ, ਉਸ ਨੇ ਪ੍ਰਭੂ-ਪਤੀ ਦੀ ਸੇਵਾ ਦਾ ਲਾਭ ਖੱਟਿਆ ਹੈ, ਮਾਇਆ ਉਸ ਨੂੰ ਪੋਹ ਨਹੀਂ ਸਕਦੀ, ਗੁਰੂ ਨੂੰ ਮਿਲ ਕੇ ਉਸ ਨੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ਚੁੱਭੀ ਲਾਈ ਹੈ । ਜਿਸ ਪਰਮਾਤਮਾ ਤੋਂ ਉਸ ਨੇ ਜਨਮ ਲਿਆ ਹੈ, ਉਸੇ ਵਿਚ ਉਹ ਜੁੜੀ ਰਹਿੰਦੀ ਹੈ, ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿਚ ਲੱਗੀ ਰਹਿੰਦੀ ਹੈ । ਪਾਰਬ੍ਰਹਮ ਨੇ (ਉਸ ਦਾ) ਹੱਥ ਫੜ ਕੇ (ਉਸ ਨੂੰ ਆਪਣੇ ਚਰਨਾਂ ਵਿਚ) ਜੋੜਿਆ ਹੁੰਦਾ ਹੈ, ਉਹ ਮੁੜ (ਉਸ ਦੇ ਚਰਨਾਂ ਤੋਂ) ਵਿੱਛੁੜਦੀ ਨਹੀਂ । (ਪਰ) ਉਹ ਸੱਜਣ ਪ੍ਰਭੂ ਬੜਾ ਅਪਹੁੰਚ ਹੈ, ਬੜਾ ਡੂੰਘਾ ਹੈ, ਮੈਂ ਉਸ ਤੋਂ ਲਖ ਵਾਰੀ ਕੁਰਬਾਨ ਹਾਂ । ਹੇ ਨਾਨਕ! (ਉਹ ਬੜਾ ਦਿਆਲ ਹੈ) ਦਰ ਉੱਤੇ ਡਿੱਗਿਆਂ ਦੀ ਉਸ ਪ੍ਰਭੂ ਨੂੰ ਇੱਜ਼ਤ ਰੱਖਣੀ ਹੀ ਪੈਂਦੀ ਹੈ । ਜਿਸ ਉੱਤੇ ਉਹ ਬੇ-ਪਰਵਾਹ ਪ੍ਰਭੂ ਮਿਹਰ ਕਰਦਾ ਹੈ, ਉਸ ਨੂੰ ਪੋਹ ਦਾ ਮਹੀਨਾ ਸੁਹਾਵਣਾ ਲੱਗਦਾ ਹੈ ਉਸ ਨੂੰ ਸਾਰੇ ਹੀ ਸੁਖ ਮਿਲ ਜਾਂਦੇ ਹਨ ।੧੧।

ਸਹੀਦੀ ਦਿਹਾੜਾ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 5 ਵੈਸਾਖ ਸੰਤ 1678, ਚੰਦ ਦੇ ਹਿਸਾਬ ਨਾਲ ਵੈਸਾਖ ਸੁਦੀ 5, 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਜਿਥੇ ਅੱਜ ਗੁਰਦੁਆਰਾ ਗੁਰੂ ਕੇ ਮਹਲ ਸਥਿਤ ਹੈ ਵਿਖੇ ਹੋਇਆ । ਆਪ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਅਤੇ ਸੱਭ ਤੋਂ ਛੋਟੇ ਸਪੁੱਤਰ ਸਨ । ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ ਗੁਜ਼ਾਰਿਆ ਅਤੇ ਫਿਰ ਕਰਤਾਰਪੁਰ ਜਿਲ੍ਹਾ ਜਲੰਧਰ ਵਿਖੇ ਚਲੇ ਗਏ ।

ਅਠਵੇਂ ਪਤਾਸ਼ਾਹ ਗੁਰੂ ਹਰਿਕ੍ਰਿਸਨ ਸਾਹਿਬ ਜੀ ਦਿਲੀ ਵਿਖੇ 3 ਵੈਸਾਖ (ਚੇਤਰ ਸੁਦੀ 14) ਸੰਮਤ 1721 (ਮੁਤਾਬਿਕ 30 ਮਾਰਚ, ਸੰਨ 1664) ਨੂੰ ਜੋਤੀ ਜੋਤ ਸਮਾਉਣ ਲੱਗਿਆਂ ਸੰਗਤ ਨੂੰ ਹਦਾਇਤ ਕਰ ਗਏ ਕਿ ‘ਬਾਬਾ ਵਸੇ ਗ੍ਰਾਮ ਬਕਾਲੇ’ । ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਕਿਹਾ ਗਿਆ ਸੀ । ਉਸ ਸਮੇਂ ਤੱਕ ਗੁਰੂ ਸਾਹਿਬਾਨ ਪ੍ਰਤੀ ਬਾਬਾ ਲਫਜ਼ ਆਮ ਵਰਤਿਆ ਜਾਣ ਲੱਗਾ ਪਿਆ ਸੀ । (ਹਵਾਲਾ ਪ੍ਰੋ. ਸਾਹਿਬ ਸਾਹਿਬ ਸਿੰਘ ਲਿਖਤ ਜੀਵਨ ਬ੍ਰਿਤਾਂਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ’) ਭਾਈ ਗੁਰਦਾਸ ਜੀ ਵੱਲੋਂ ਵੀ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਸਾਹਿਬ ਮਾਹਰਾਜ ਲਈ ਸ਼ਬਦ ਬਾਬਾ ਵਰਤਿਆ ਗਿਆ ਸੀ । ਬੇਸ਼ੱਕ ਅੱਜ ਕੁੱਝ ਲੋਕ ਇਤਾਰਜ਼ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੂੰ ਸਿਰਫ ‘ਬਾਬਾ ਨਾਨਕ’ ਸੰਬੋਧਨ ਕਰਕੇ ਗੁਰੂ ਸਾਹਿਬਾਨ ਦੇ ਸਤਿਕਾਰ ਨੂੰ ਠੇਸ ਪਹੁੰਚਾ ਰਹੇ ਹਨ, ਜੋ ਕਿ ਨਿਰਮੂਲ ਹੈ ।

ਭਾਈ ਮੱਖਣ ਸ਼ਾਹ ਲੁਭਾਣਾ ਵੱਲੋਂ ਲੱਗੀਆਂ 22 ਨਕਲੀ ਮੰਜੀਆਂ ਵਿੱਚੋਂ ਆਪਣੇ ਸੱਚੇ ਪ੍ਰੀਤਮ ਨੂੰ ਲੱਭਣਾ ਅਤੇ ‘ਗੁਰੂ ਲਾਧੋ ਰੇ’ ਦਾ ਨਾਅਰਾ ਮਾਰਨ ਵਾਲੀ ਸਾਖੀ ਤੋਂ ਸਾਰਾ ਸਿੱਖ ਜਗਤ ਵਾਕਿਬ ਹੈ, ਉਹ ਗੱਲ ਵੱਖਰੀ ਹੈ ਕਿ ਅੱਜ ਦਾ ਸਿੱਖ ਸ਼ਰਧਾਲੂ ਪ੍ਰਤੱਖ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਵੇਖ ਕੇ ਵੀ ਕੋਲ ਡੱਠੀ ਇੱਕ ਨਕਲੀ ਮੰਜੀ ਤੇ ਰੱਖੇ ਬਚਿੱਤਰ ਨਾਟਕ ਨੂੰ ਵੀ ਬਰਾਬਰ ਮਾਨਤਾ ਦੇਈ ਜਾਣ ਤੇ ਚੁੱਪ ਕਰਕੇ ਬੈਠਾ “ਮੈਨੂੰ ਕੀ?” ਵਾਲੀ ਵਿਚਾਰਧਾਰਾ ਦਾ ਧਾਰਨੀ ਬੱਣ ਗਿਆ ਹੈ । ਅਤੇ ਪ੍ਰਤੱਖ ਗੁਰੂ ਹੁੰਦਾ ਹੋਇਆ ਵੀ ਦੁੱਚਿਤੀ ਵਿੱਚ ਤੁਰਿਆ ਫਿਰਦਾ ਹੈ । ਖੈਰ! ਆਪਣੇ ਵਿਸ਼ੇ ਵੱਲ ਆਈਏ ।

ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮੁੱਚੀ ਮਾਨਵਤਾ ਨੂੰ ਸਰਬ ਸਾਂਝਾ ਉਪਦੇਸ਼ ਦੇਣ ਲਈ ਅਤੇ ਇਕ ਨਵੀਂ ਨਿਰੋਈ ਜੀਵਣ ਜਾਂਚ ਜਿਸਦਾ ਮੁੱਢ ਬਾਬਾ ਨਾਨਕ ਜੀ ਰੱਖ ਕੇ ਗਏ ਸਨ ਨੂੰ ਅੱਗੇ ਵਧਾਉਣ ਲਈ ਲੰਮੇ-ਲੰਮੇ ਪ੍ਰਚਾਰਕ ਦੌਰੇ ਕੀਤੇ । ਸ੍ਰੀ ਅਨੰਦਪੁਰ ਸਾਹਿਬ ਨਗਰ ਆਪ ਜੀ ਨੇ ਵਸਾਇਆ ।

ਇਹਨਾਂ ਦਿਨ੍ਹਾਂ ਵਿੱਚ ਸਮੇਂ ਦੇ ਹਾਕਮ ਔਰੰਗਜੇਬ ਵੱਲੋਂ ਹਿੰਦੂ ਜਨਤਾ ਉੱਤੇ ਬੇ-ਹਿਸਾਬ ਜੁਲਮ ਕੀਤੇ ਜਾ ਰਹੇ ਸਨ । ਅਤੇ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਕਰਕੇ ਉਹਨਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਕੋਝੇ ਹਥਕੰਡੇ ਵਰਤੇ ਅਤੇ ਤਲਵਾਰ ਦੀ ਖੁਲ਼ ਕੇ ਵਰਤੋਂ ਆਰੰਭ ਕਰ ਦਿੱਤੀ । ਜਿਸ ਕਰਕੇ ਕਸ਼ਮੀਰ ਦੇ ਪੰਡਿਤ ਦਾ ਇੱਕ ਵਿਸ਼ੇਸ਼ ਡੈਪੂਟੇਸ਼ਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਆ ਫਰਿਆਦੀ ਹੋਇਆ । ਪੰਡਿਤਾਂ ਵੱਲੋਂ ਆਪਣੇ ਧਰਮ ਦੀ ਰੱਖਿਆ ਦੀ ਮੰਗ ਕੀਤੀ ਗਈ ਤਾਂ ਸਤਿਗੁਰੂ ਜੀ ਨੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਦੇ ਮਹਾਂਵਾਕ ਅਨੁਸਾਰ ਉਹਨਾਂ ਦੀ ਬਾਂਹ ਪਕੜੀ ਅਤੇ ਦਿੱਲੀ ਦਰਬਾਰ ਦੇ ਵਿਰੋਧ ਵਿੱਚ ਟੱਕਰ ਲੈਣ ਦਾ ਫੈਂਸਲਾ ਕੀਤਾ। ਆਪ ਨੇ ਐਲਾਨ ਕੀਤਾ ਕਿ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ‘ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਉ’ ।

ਗ੍ਰਿਫਤਾਰੀ ਮੌਕੇ ਗੁਰੂ ਜੀ ਨਾਲ ਤਿੰਨ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਇਆਲਾ ਜੀ ਸਨ। ਇਸ ਮੌਕੇ ਆਪ ਜੀ ਨੂੰ ਮੁਸਲਮਾਨ ਬਣਨ ਲਈ ਕਈ ਤਰ੍ਹਾਂ ਦੇ ਲਾਲਚਾਂ ਤੋਂ ਇਲਵਾ ਡਰਾਇਆ ਧਮਕਾਇਆ ਗਿਆ, ਅਤੇ ਕਤਲ ਤੱਕ ਕਰਨਾ ਹੁਕਮ ਕੀਤਾ ਗਿਆ ਕਿ ਸ਼ਾਇਦ ਮੌਤ ਦੇ ਡਰਾਵੇ ਨਾਲ ਗੁਰੂ ਜੀ ਇਸਲਾਮ ਕਬੂਲ ਕ ਲੈਣ । ਜੈਸਾ ਕਿ ਸੈਰੁਲ ਮਤਾਖ਼ਰੀਨ ਦਾ ਲਿਖਾਰੀ ਲਿਖਦਾ ਹੈ ਕਿ “ਬਾਅਦ ਚੰਦ ਰੋਜ਼ ਹੁਕਮਿ ਦੀਗ ਦਰ ਬਾਰਾਏ ਤੇਗ਼ ਬਹਾਦਰ ਰਸੀਦ ਕਿ ਊ ਰਾ ਕੁਸ਼ਤਹ ਵਜੂਦਸ਼ ਰਾ ਚੰਦ ਹਿੱਸਾ ਨਮੂਦਹ ਅਤਰਾਫ਼ੇ ਸ਼ਹਿਰ ਬਿਆਵੇਗ਼ੰਦ” ਭਾਵ- ਗੁਰੂ ਤੇਗ ਬਹਾਦਰ ਨੂੰ ਕਤਲ ਕੀਤਾ ਜਾਵੇ, ਉਸ ਦੇ ਜਿਸਮ ਦੇ ਟੋਟੇ ਕਰਕੇ ਸ਼ਹਿਰ ਦੇ ਸਭਨੀ ਪਾਸੀਂ ਲਟਕਾ ਦਿੱਤੇ ਜਾਣ। ਇਸ ਤਰ੍ਹਾਂ ਦੇ ਡਾਰਵਿਆਂ ਦੇ ਨਾਲ ਆਪ ਜੀ ਧੀਆਂ ਅੱਖਾਂ ਸੇ ਸਾਹਵੇਂ ਆਪ ਜੀ ਅੰਨਿਨ ਸਿੱਖ ਸ਼ਰਧਾਲੂ ਭਾਈ ਮਤੀ ਦਾਸ ਜੀਨੂੰ ਜਿਊਂਦੇ ਜੀਆਂ ਆਰਿਆਂ ਨਾਲ ਚੀਰ ਦਿੱਤਾ ਗਿਆ, ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕਿ ਜਿਂਦਾ ਸਾੜਿਆ ਗਿਆਅਤੇ ਭਾਈ ਦਇਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਪਾ ਕੇ ਸ਼ਹੀਦ ਕਰ ਦਿੱਤਾ ਗਿਆ । ਪਰ ਉਹਨਾਂ ਜ਼ਾਲਮਾਂ ਦੇ ਇਹ ਡਰਾਵੇ ਸਾਹਿਬ ਗੁਰੂ ਤੇਗ ਬਹਾਦੁਰ ਜੀ ਦੇ ਨਿਸਚੇ ਨੂੰ ਨਾ ਡੇਗ ਸਕੇ ਅਤੇ ਅੰਤ 11 ਨਵੰਬਰ ਸੰਨ 1675, ਵੀਰਵਾਰ ਦੇਸੀ ਸੰਮਤ 1732 ਮੱਘਰ ਮਹੀਨੇ ਦੀ 11 ਤਰੀਕ ਨੂੰ ਚਾਂਦਨੀ ਚੌਂਕ ਵਿਖੇ ਨੌਵੇਂ ਪਤਾਸ਼ਾਹ ਸਤਿਗੁਰੂ ਜੀ ਨੂੰ ਤਲਵਾਰ ਨਾਲ ਸੀਸ ਧੜ ਤੋਂ ਵੱਖ ਕਰਕੇ ਸ਼ਹੀਦ ਕਰ ਦਿੱਤਾ ਗਿਆ । ਜਿੱਥੇ ਅੱਜ ਗੁਰਦੁਆਰਾ ਸੀਸ ਗੰਜ ਸਾਹਿਬ ਸਸ਼ੋਭਿਤ ਹੈ ।

ਇਸ ਸ਼ਹੀਦੀ ਨੂੰ ਵੇਖ ਕੇ ਲੋਕਾਂ ਵਿੱਚ ਹਾਹਕਾਰ ਮੱਚ ਗਈ ਅਤੇ ਇਸੇ ਭਗਦੜ ਦੌਰਾਨ ਭਾਈ ਜੈਤਾ ਜੀ ਨੇ ਹਿੰਮਤ ਕਰਕੇ ਗੁਰੂ ਸਾਹਿਬ ਦਾ ਸੀਸ ਚੁਕਾ ਦਿੱਲੀ ਤੋਂ 200 ਮੀਲ ਦੀ ਵਿੱਥ ਤੇ ਸ੍ਰੀ  ਅਨੰਦਪੁਰ ਸਾਹਿਬ ਵਿਖੇ ਪਹੁੰਚਾਇਆ ਅਤੇ ਦੂਜੇ ਪਾਸੇ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਭਾਈ ਊਦਾ ਜੀ ਨੇ ਸਲਾਹ ਕਰਕੇ ਸਮੇਂ ਨੂੰ ਸ਼ੰਭਾਲਦਿਆਂ ਗੁਰੂ ਜੀ ਧੜ ਮੁਗਲਾਂ ਦੇ ਘੇਰੇ ਵਿੱਚੋਂ ਚੁੱਕ ਲਿਆਂਦਾ ਅਤੇ ਤਿੰਨ ਮਿਲ ਦੀ ਵਿੱਥ ਤੇ ਰਕਾਬ ਗੰਜ ਵਿੱਖੇ ਭਾਈ ਲੱਖੀ ਨੇ ਆਪਣੇ ਘਰ ਵਿੱਚ ਗੁਰੂ ਜੀ ਦਾ ਧੜ ਰੱਖ ਸਮੇਤ ਸਾਰੇ ਸਾਮਾਨ ਦੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ ਅਤੇ ਆਪਣਾ ਸੱਚਾ ਸੁਚਾ ਫਰਜ਼ ਪੂਰਾ ਕਰ ਦਿੱਤਾ । ਉਥੇ ਗੁਰਦੁਆਰਾ ਰਕਾਬਗੰਜ ਸਾਹਿਬ, ਦਿੱਲੀ ਸਸ਼ੋਭਿਤ ਹੈ । ਭਾਈ ਜੈਤਾ ਜੀ ਨੁੰ ਗੁਰੂ ਗੋਬਿੰਦ ਸਿਮਘ ਜੀ ਨੇ ਗਲ ਨਾਲ ਲਗਾ ਕੁ ‘ਰੰਘਰੇਟੇ ਗੁਰੂ ਕੇ ਬੇਟੇ’ ਕਹਿ ਕੇ ਮਾਣ ਦਿੱਤਾ ਅਤੇ 1699 ਦੀਵਿਸਾਖੀ ਨੂੰ ਖਾਲਸਾ ਸਜਾਉਣ ਵਕਤ ਜੈਤਾ ਜੀ ਨੂੰ ਜੀਉਣ ਸਿੰਘ ਅਤੇ ਭਾਈ ਊਦਾ ਜੀ ਨੂੰ ‘ਉਦੈ ਸਿੰਘ ਬਣਾ ਦਿੱਤਾ । ਜਿਥੇ ਗੁਰੂ ਜੀ ਦੇ ਸੀਸ ਦਾ ਸਤਿਕਾਰ ਹੋਇਆ ਉਥੇਹੁਣ ਗੁਰਦੁਆਰਾ ਸੀਸ ਗੰਜ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਸਿਆ ਹੋਇਆ ਹੈ ।